ਅਕਾਲੀਆਂ ਨੂੰ ਸਭ ਆਪਣੇ ਵਰਗੇ ਲੱਗਦੇ ਨੇ: ਮਨਪ੍ਰੀਤ ਬਾਦਲ

ਬਠਿੰਡਾ: ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਆਪਣੇ ਚਚੇਰੇ ਭਰਾ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਸੁਖਬੀਰ ਬਾਦਲ ਵੱਲੋਂ ਭਾਈਰੂਪਾ ਦੀ ਪੋਲ ਖੋਲ੍ਹ ਰੈਲੀ ਵਿੱਚ ਮਨਪ੍ਰੀਤ ਬਾਦਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਗਈ ਸੀ ਕਿ ਜੇਕਰ ਸਰਕਾਰ ਚਲਾਉਣੀ ਹੈ ਤਾਂ ਉਹ ਮਨਪ੍ਰੀਤ ਨੂੰ ਲਾਂਭੇ ਕਰ ਦੇਣ। ਇਕੱਲੇ ਸੁਖਬੀਰ ਬਾਦਲ ਨੇ ਹੀ ਨਹੀਂ ਬਲਕਿ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਵੀ ਮਨਪ੍ਰੀਤ ਅਤੇ ਉਨ੍ਹਾਂ ਦੇ ਸਾਲੇ ਜੈਜੀਤ ਜੌਹਲ ਉਰਫ਼ ਜੋਜੋ ’ਤੇ ਤਿੱਖੇ ਵਿਅੰਗ ਕਸੇ ਹਨ।
ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇੱਥੇ ਕੱਪੜਾ ਮਾਰਕੀਟ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜਦੋਂ ਚਾਹੁਣ, ਉਨ੍ਹਾਂ ਨਾਲ ਜਨਤਕ ਮੰਚ ’ਤੇ ਖੁੱਲ੍ਹੀ ਬਹਿਸ ਕਰ ਲੈਣ। ਉਹ ਇਹ ਬਹਿਸ ਟੀ ਵੀ ਚੈਨਲ, ਲੋਕਾਂ ਦੇ ਇਕੱਠ ਜਾਂ ਕਿਸੇ ਜਨਤਕ ਰੈਲੀ ਵਿੱਚ ਕਰ ਲੈਣ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਨੂੰ ਪਤਾ ਹੈ ਕਿ ਸੱਚ ਕੀ ਹੈ? ਕਿਸਦਾ ਕਿਰਦਾਰ ਕਿਹੋ ਜਿਹਾ ਹੈ, ਲੋਕਾਂ ਨੂੰ ਭੁੱਲਿਆ ਨਹੀਂ। ਉਨ੍ਹਾਂ ਕਿਹਾ ਕਿ ਖੁੱਲ੍ਹੀ ਬਹਿਸ ਮਗਰੋਂ ਲੋਕ ਫ਼ੈਸਲਾ ਕਰ ਦੇਣ ਕਿ ਹਕੀਕਤ ਕੀ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੀ ਬਹਿਸ ਵਿੱਚ ਸੁਖਬੀਰ ਬਾਦਲ ਪੌਣਾ ਘੰਟਾ ਬੋਲਣ ਜਦਕਿ ਉਹ ਖ਼ੁਦ 15 ਮਿੰਟ ਹੀ ਬੋਲਣਗੇ। ਵਿੱਤ ਮੰਤਰੀ ਨੇ ਕਿਹਾ ਕਿ ਖੁੱਲ੍ਹੀ ਬਹਿਸ ਵਿੱਚ ਸੂਬੇ ਦੀ ਮਾਲੀ ਹਾਲਤ, ਸਿਆਸਤ ਅਤੇ ਭ੍ਰਿਸ਼ਟਾਚਾਰ ਦੇ ਏਜੰਡੇ ਹੋਣਗੇ। ਉਨ੍ਹਾਂ ਕਿਹਾ ਕਿ 2007 ਤੋਂ ਪਹਿਲਾਂ ਪੰਜਾਬ ਵਿੱਚ ‘ਗੁੰਡਾ ਟੈਕਸ’ ਬਾਰੇ ਕੋਈ ਨਹੀਂ ਜਾਣਦਾ ਸੀ। ਅਕਾਲੀ ਸਰਕਾਰ ਵੇਲੇ ਹੋਈ ਲੁੱਟ ਮੌਕੇ ‘ਗੁੰਡਾ ਟੈਕਸ’ ਦਾ ਨਾਮ ਹਰ ਕੋਈ ਜਾਣਨ ਲੱਗਾ। ਅਕਾਲੀ ਦਲ ਨੇ ਹੀ ‘ਗੁੰਡਾ ਟੈਕਸ’ ਦਾ ਨਾਮਕਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਕਾਲੀਆਂ ਨੇ ਖ਼ੁਦ ਲੋਕਾਂ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਸਭ ਆਪਣੇ ਵਰਗੇ ਹੀ ਲੱਗਦੇ ਹਨ।  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜੋ ਇਲਜ਼ਾਮ ਲਗਾ ਰਹੇ ਹਨ, ਉਹ ਕਿਤੇ ਵੀ ਸਾਬਤ ਕਰ ਕੇ ਵਿਖਾ ਦੇਣ। ਇਸ ਮੌਕੇ ਸ਼ਹਿਰੀ ਪ੍ਰਧਾਨ ਮੋਹਨ ਝੁੰਬਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ, ਕੇ ਕੇ ਅਗਰਵਾਲ, ਰਾਜਨ ਗਰਗ ਅਤੇ ਹਰਜੋਤ ਸਿੰਘ ਹਾਜ਼ਰ ਸਨ। ਉਨ੍ਹਾਂ ਕਈ ਥਾਵਾਂ ’ਤੇ ਲੋਕਾਂ ਦੇ ਮਸਲੇ ਵੀ ਸੁਣੇ।

You May Also Like

Leave a Reply

Your email address will not be published. Required fields are marked *