ਅਗਲੇ ਸਾਲ ਤੋਂ ਕਿਸੇ ਵੀ ਸੂਬੇ ‘ਚ ਨਹੀਂ ਸੜੇਗੀ ਪਰਾਲੀ, ਕੇਜਰੀਵਾਲ ਦਾ ਵੱਡਾ ਦਾਅਵਾ

ਨਵੀਂ ਦਿੱਲੀ: ਅਗਲੇ ਸਾਲ ਤੋਂ ਪਰਾਲੀ ਨਹੀਂ ਸਾੜੀ ਜਾਏਗੀ। ਇਹ ਦਾਆਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਪਰਾਲੀ ਸਾੜਨ ਨਾਲ ਨਜਿੱਠਣ ਦਾ ਹੱਲ ਲੱਭ ਲਿਆ ਹੈ। ਇਸ ਲਈ ਹੁਣ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਕੋਲ ਕੋਈ ਬਹਾਨਾ ਨਹੀਂ ਬਚਿਆ।

ਦਰਅਸਲ ਪਰਾਲੀ ਦੇ ਹੱਲ ਲਈ ਦਿੱਲੀ ਸਰਕਾਰ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਪਰਾਲੀ ਸਾੜਨ ਦੀ ਜ਼ਰੂਰਤ ਨਹੀਂ ਹੈ। ਪੂਸਾ ਇੰਸਟੀਚਿਊਟ ਨੇ ਇੱਕ ਅਜਿਹਾ ਕੈਮੀਕਲ ਭਾਵ ਰਸਾਇਣ ਬਣਾਇਆ ਹੈ, ਜੇ ਪਰਾਲੀ ਉੱਤੇ ਉਸ ਦਾ ਛਿੜਕਾਅ ਕਰ ਦਿੱਤਾ ਜਾਵੇ, ਤਾਂ 20 ਦਿਨਾਂ ਅੰਦਰ ਉਹ ਖਾਦ ਵਿੱਚ ਤਬਦੀਲ ਹੋ ਜਾਂਦੀ ਹੈ। ਕਿਸਾਨਾਂ ਲਈ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

ਕੇਜਰੀਵਾਲ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਹੋਣ ਵਾਲੀ ਪ੍ਰੇਸ਼ਾਨੀ ਦਾ ਇਹ ਆਖ਼ਰੀ ਸਾਲ ਹੈ। ਅਗਲੇ ਸਾਲ ਤੋਂ ਕਿਸੇ ਵੀ ਸਰਕਾਰ ਕੋਲ ਕੋਈ ਬਹਾਨਾ ਨਹੀਂ ਬਚਿਆ ਕਿ ਅਸੀਂ ਕੀ ਕਰੀਏ? ਪਰਾਲੀ ਸਾੜਨ ਤੋਂ ਇਲਾਵਾ ਸਾਡੇ ਕੋਲ ਹੋਰ ਕਿਹੜਾ ਵਿਕਲਪ ਹੈ? ਦਿੱਲੀ ਦੇ ਲੋਕਾਂ ਨੇ ਉਨ੍ਹਾਂ ਸਾਰੀਆਂ ਸਰਕਾਰਾਂ ਨੂੰ ਪਰਾਲੀ ਦਾ ਨਿਬੇੜਾ ਕਰਨ ਦਾ ਹੱਲ ਦੇ ਦਿੱਤਾ ਹੈ। ਹੁਣ ਹਰੇਕ ਸਰਕਾਰ ਆਪੋ-ਆਪਣੇ ਕਿਸਾਨ ਦੀ ਉਂਝ ਹੀ ਮਦਦ ਕਰੇ, ਜਿਵੇਂ ਦਿੱਲੀ ਦੀ ਸਰਕਾਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਚੁਪਾਸੇ ਅਸਮਾਨ ’ਚ ਧੂੰਆਂ ਭਰਿਆ ਹੋਇਆ ਹੈ। ਇਸ ਕਾਰਨ ਕੋਰੋਨਾ ਦੀ ਹਾਲਤ ਹੋਰ ਖ਼ਰਾਬ ਹੋ ਰਹੀ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਰਾਜਧਾਨੀ ਦਿੱਲੀ ’ਚ ਹਵਾ ਦੇ ਪ੍ਰਦੂਸ਼ਣ ਦੀ ਲਗਾਤਾਰ ਵਿਗੜ ਰਹੀ ਹਾਲਤ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਪਟਾਕੇ ਵਜਾਉਣ ਉੱਤੇ 7 ਨਵੰਬਰ ਤੋਂ 30 ਨਵੰਬਰ ਤੱਕ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇੰਨਾ ਹੀ ਨਹੀਂ, 30 ਨਵੰਬਰ ਤੋਂ ਬਾਅਦ ਵੀ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਪ੍ਰਵਾਨਗੀ ਰਹੇਗੀ।

ਇਸ ਦੌਰਾਨ ਦਿੱਲੀ ਨਿਵਾਸੀ ਗ੍ਰੀਨ ਪਟਾਕੇ ਵੀ ਨਹੀਂ ਚਲਾ ਸਕਦੇ। ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਪਟਾਕੇ ਚਲਾਉਣਾ ਚਾਹੁੰਦਾ ਹੈ, ਤਾਂ ਉਹ ਸੱਤ ਨਵੰਬਰ ਤੋਂ ਪਹਿਲਾਂ ਤੇ 30 ਨਵੰਬਰ ਤੋਂ ਬਾਅਦ ਹੀ ਚਲਾ ਸਕਦਾ ਹੈ ਪਰ ਸਿਰਫ਼ ਗ੍ਰੀਨ ਪਟਾਕੇ ਹੀ ਚਲਾਉਣ ਦੀ ਇਜਾਜ਼ਤ ਹੋਵੇਗੀ। ਪ੍ਰਦੂਸ਼ਣ ਫੈਲਾਉਣ ਵਾਲੇ ਤੇ ਪਟਾਕੇ ਚਲਾਉਣ ਦੀ ਸ਼ਿਕਾਇਤ ਮਿਲਣ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

You May Also Like

Leave a Reply

Your email address will not be published. Required fields are marked *