ਅਮਰਿੰਦਰ ਨੇ ਅਕਾਲੀਆਂ ਨੂੰ ਬਚਾਉਣ ਲਈ ਰਿਪੋਰਟ ‘ਲੀਕ’ ਕਰਵਾਈ: ਚੀਮਾ

ਜਗਰਾਉਂ : ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੇ ਦੋਸ਼ ਲਾਇਆ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਕਾਂਗਰਸ ਕਥਿਤ ਜ਼ਿੰਮੇਵਾਰ ਅਕਾਲੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਾਰਵਾਈ ਹਿੱਤ ਵਿਧਾਨ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਇਸ ਨੂੰ ‘ਲੀਕ’ ਕਰਵਾਉਣ ਪਿੱਛੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਰਹਿੰਦਿਆਂ ਬਾਦਲ ਪਰਿਵਾਰ ਨੇ ਬਰਗਾੜੀ ਕਾਂਡ ਅਤੇ ਬੇਅਦਬੀ ਦੇ ਮੁਲਜ਼ਮ ਭਾਲ ਕੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਕੋਈ ਚਾਰਾਜੋਈ ਨਹੀਂ ਕੀਤੀ। ਉਨ੍ਹਾਂ ਇਸ ਸਬੰਧ ਵਿੱਚ ਤਖ਼ਤਾਂ ਦੇ ਜਥੇਦਾਰਾਂ ਤੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਵਾਉਣ ਦਾ ਯਤਨ ਕੀਤਾ। ਇੱਥੇ ਬੀਬੀ ਮਾਣੂੰਕੇ ਦੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪਰੋਟ ਪਹਿਲਾਂ ਲੀਕ ਕਰਕੇ ਅਕਾਲੀ ਦਲ ਨੂੰ ਸਮਾਂ ਦਿੱਤਾ ਹੈ ਤਾਂ ਕਿ ਕੋਈ ਹੱਲ ਕੱਢ ਸਕਣ। ਜੇ ਇਹ ਰਿਪਰੋਟ ਵਿਧਾਨ ਸਭਾ ਸੈਸ਼ਨ ਦੌਰਾਨ ਸਿੱਧੀ ਉਜਾਗਰ ਕੀਤੀ ਜਾਂਦੀ ਤਾਂ ਇਸ ਦੇ ਮੁਲਜ਼ਮ ਸਾਹਮਣੇ ਆ ਸਕਦੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਾਸੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰ ਰਿਹਾ ਹੈ।
‘ਆਪ’ ਦੀ ਫੁੱਟ ਸਬੰਧੀ ਸ੍ਰੀ ਚੀਮਾ ਨੇ ਕਿਹਾ ਕਿ ਪਾਰਟੀ ਨੂੰ ਇਕਜੁਟ ਕਰਨ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ‘ਆਪ’ ਵਿਧਾਇਕਾਂ ਦੀ ਮੀਟਿੰਗ ਵੀ ਅੱਗੇ ਪਾਈ ਗਈ ਤਾਂ ਜੋ ਬਾਗ਼ੀ ਧੜੇ ਨੂੰ ਮੌਕਾ ਮਿਲ ਸਕੇ। ਉਨ੍ਹਾਂ ‘ਆਪ’ ਵੱਲੋਂ ਅਗਾਮੀ ਪੰਚਾਇਤਾਂ ਚੋਣਾਂ ਲੜਨ ਦਾ ਐਲਾਨ ਕੀਤਾ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਜਗਰਾਉਂ ਹਲਕੇ ਲਈ ਆਏ 23 ਕਰੋੜ ਜੇ ਸਹੀ ਢੰਗ ਨਾਲ ਲੱਗ ਜਾਣ ਤਾਂ ਸ਼ਹਿਰ ਦੀ ਕਾਇਆ ਕਲਪ ਹੋ ਜਾਵੇਗੀ। ਇਸ ਲਈ ਉਹ ਇੱਕ ਟੀਮ ਦਾ ਗਠਨ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਗਰਾਂਟ ਸਹੀ ਢੰਗ ਨਾਲ ਲੱਗ ਸਕੇ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ, ਗੋਪੀ ਸ਼ਰਮਾ, ਛਿੰਦਰਪਾਲ ਸਿੰਘ ਮੀਨੀਆ ਆਦਿ ਮੌਜੂਦ ਸਨ।

You May Also Like

Leave a Reply

Your email address will not be published. Required fields are marked *