ਅਮਰੀਕਾ ਨੇ ਈਰਾਨ ਖ਼ਿਲਾਫ਼ ਬੀੜੀਆਂ ਪੈਟ੍ਰੀਆਟ ਮਿਜ਼ਾਈਲਾਂ

ਵਾਸ਼ਿੰਗਟਨ (ਪੀਟੀਆਈ) : ਈਰਾਨ ਨਾਲ ਵੱਧਦੇ ਤਣਾਅ ਦਰਮਿਆਨ ਅਮਰੀਕਾ ਨੇ ਕਿਸੇ ਵੀ ਸੰਭਾਵਿਤ ਖ਼ਤਰੇ ਨਾਲ ਨਿਪਟਣ ਲਈ ਆਪਣੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪੈਂਟਾਗਨ ਨੇ ਕਿਹਾ ਕਿ ਅਮਰੀਕੀ ਦਸਤਿਆਂ ਖ਼ਿਲਾਫ਼ ਈਰਾਨ ਦੇ ਕਿਸੇ ਵੀ ਖ਼ਤਰੇ ਨਾਲ ਨਿਪਟਣ ਲਈ ਪੱਛਮੀ ਏਸ਼ੀਆ ‘ਚ ਹੁਣ ਇਕ ਹੋਰ ਜੰਗੀ ਬੇੜਾ ਅਤੇ ਪੈਟ੍ਰੀਆਟ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਮਈ ‘ਚ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਅਤੇ ਈਰਾਨ ‘ਤੇ ਪਾਬੰਦੀ ਲਗਾਏ ਜਾਣ ਨਾਲ ਦੋਵਾਂ ਦੇਸ਼ਾਂ ‘ਚ ਇਸ ਸਮੇਂ ਤਣਾਅ ਸਿਖਰ ‘ਤੇ ਪਹੁੰਚ ਗਿਆ ਹੈ।

ਪੈਂਟਾਗਨ ਨੇ ਸ਼ੁੱਕਰਵਾਰ ਨੂੰ ਕਿਹਾ, ‘ਪੱਛਮੀ ਏਸ਼ੀਆ ‘ਚ ਪਹਿਲਾਂ ਤੋਂ ਤਾਇਨਾਤ ਜਹਾਜ਼ਵਾਹਕ ਬੇੜਾ ਅਬਰਾਹਿਮ ਲਿੰਕਨ ਅਤੇ ਬੀ-52 ਬੰਬਾਰ ਜਹਾਜ਼ਾਂ ਦਾ ਸਾਥ ਦੇਣ ਲਈ ਯੂਐੱਸਐੱਸ ਆਰਲਿੰਗਟਨ ਅਤੇ ਪੈਟ੍ਰੀਆਟ ਏਅਰ ਡਿਫੈਂਸ ਸਿਸਟਮ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਹ ਕਦਮ ਅਮਰੀਕੀ ਦਸਤਿਆਂ ਅਤੇ ਹਿੱਤਾਂ ਦੇ ਖ਼ਿਲਾਫ਼ ਈਰਾਨ ਦੀਆਂ ਹਮਲਾਵਰ ਤਿਆਰੀਆਂ ਦਾ ਸੰਕੇਤ ਮਿਲਣ ਦੇ ਬਾਅਦ ਉਠਾਇਆ ਗਿਆ ਹੈ। ਈਰਾਨ ਨਾਲ ਅਮਰੀਕਾ ਟਕਰਾਅ ਨਹੀਂ ਚਾਹੁੰਦਾ ਪਰ ਇਲਾਕੇ ਵਿਚ ਆਪਣੇ ਦਸਤਿਆਂ ਅਤੇ ਹਿੱਤਾਂ ਦੀ ਰੱਖਿਆ ਕਰਨ ਲਈ ਉਹ ਤਿਆਰ ਹੈ।’ ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀਰਵਾਰ ਨੂੰ ਸਖ਼ਤ ਲਹਿਜ਼ੇ ‘ਚ ਈਰਾਨ ਨੂੰ ਚਿਤਾਵਨੀ ਦਿੱਤੀ ਸੀ। ਕਿਹਾ ਸੀ, ‘ਤਹਿਰਾਨ ‘ਚ ਬੈਠੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਈਰਾਨ ਵੱਲੋਂ ਅਮਰੀਕੀ ਹਿੱਤਾਂ ਜਾਂ ਨਾਗਰਿਕਾਂ ਖ਼ਿਲਾਫ਼ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਤੁਰੰਤ ਅਤੇ ਫ਼ੈਸਲਾਕੁੰਨ ਕਾਰਵਾਈ ਕਰ ਕੇ ਉਸ ਦਾ ਜਵਾਬ ਦੇਵੇਗਾ।’ ਪਿਛਲੇ ਐਤਵਾਰ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ ਸੀ ਕਿ ਈਰਾਨ ‘ਤੇ ਦਬਾਅ ਬਣਾਉਣ ਲਈ ਪੱਛਮੀ ਏਸ਼ੀਆ ‘ਚ ਇਕ ਜਹਾਜ਼ਵਾਹਕ ਜੰਗੀ ਬੇੜਾ ਅਤੇ ਬੰਬਾਰ ਜਹਾਜ਼ਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਹ ਜਹਾਜ਼ ਵੀਰਵਾਰ ਨੂੰ ਕਤਰ ਤੇ ਏਅਰ ਬੇਸ ‘ਤੇ ਪਹੁੰਚ ਗਏ ਸਨ।

You May Also Like

Leave a Reply

Your email address will not be published. Required fields are marked *