‘ਆਪ’ ਤੇ ਟਕਸਾਲੀਆਂ ’ਚ ਆਨੰਦਪੁਰ ਸੀਟ ਦਾ ਪੇਚ ਫਸਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਕਾਰ ਲੋਕ ਸਭਾ ਚੋਣਾਂ ਲਈ ਗੱਠਜੋੜ ਹੋਣ ਦੇ ਆਸਾਰ ਬਣ ਗਏ ਹਨ। ਆਨੰਦਪੁਰ ਸਾਹਿਬ ਨੂੰ ਛੱਡ ਕੇ ਬਾਕੀ 12 ਸੀਟਾਂ ਉਪਰ ਦੋਵੇਂ ਧਿਰਾਂ ਵਿਚਕਾਰ ਸਹਿਮਤੀ ਬਣਨ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਅਨੁਸਾਰ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਅੰਮ੍ਰਿਤਸਰ ਹਲਕੇ ਤੋਂ ਪਾਰਟੀ ਉਮੀਦਵਾਰ ਕੁਲਦੀਪ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਆਦਿ ਵਿਚਕਾਰ ਹੋਈ ਲੰਮੀ-ਚੌੜੀ ਮੀਟਿੰਗ ਮਗਰੋਂ ਦੋਵੇਂ ਧਿਰਾਂ ਗੱਠਜੋੜ ਦੇ ਤਕਰੀਬਨ ਨੇੜੇ ਪਹੁੰਚ ਗਈਆਂ ਹਨ। ਟਕਸਾਲੀ ਦਲ ਵੱਲੋਂ ਪਹਿਲਾਂ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਨਾਲ ਸਮਝੌਤਾ ਕਰਨ ਦੇ ਯਤਨ ਚਲਦੇ ਰਹੇ ਸਨ ਪਰ ਆਨੰਦਪੁਰ ਸਾਹਿਬ ਸੀਟ ਉਪਰ ਸਹਿਮਤੀ ਨਾ ਬਣਨ ਕਾਰਨ ਗੱਲਬਾਤ ਟੁੱਟ ਗਈ ਸੀ। ਟਕਸਾਲੀ ਦਲ ਆਨੰਦਪੁਰ ਸਾਹਿਬ ਤੋਂ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਚੋਣ ਲੜਾਉਣਾ ਚਾਹੁੰਦਾ ਸੀ ਜਦਕਿ ਬਸਪਾ ਇਸ ਸੀਟ ਉਪਰ ਆਪਣਾ ਹੱਕ ਜਤਾ ਰਹੀ ਸੀ।
ਸੂਤਰਾਂ ਅਨੁਸਾਰ ਹੁਣ ‘ਆਪ’ ਵੱਲੋਂ ਟਕਸਾਲੀ ਦਲ ਲਈ ਖਡੂਰ ਸਾਹਿਬ ਅਤੇ ਫਿਰੋਜ਼ਪੁਰ ਦੀਆਂ ਸੀਟਾਂ ਛੱਡੀਆਂ ਜਾ ਰਹੀਆਂ ਹਨ। ਟਕਸਾਲੀਆਂ ਵੱਲੋਂ ਖਡੂਰ ਸਾਹਿਬ ਤੋਂ ਪਹਿਲਾਂ ਹੀ ਥਲ ਸੈਨਾ ਦੇ ਸਾਬਕਾ ਮੁਖੀ ਜੇ ਜੇ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ। ਸੂਤਰਾਂ ਅਨੁਸਾਰ ਟਕਸਾਲੀ ਦਲ ਫਿਰੋਜ਼ਪੁਰ ਤੋਂ ਬਾਦਲ ਦਲ ਦੇ ਬਾਗ਼ੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਚੋਣ ਲੜਾਉਣ ਉਪਰ ਵਿਚਾਰ ਕਰ ਰਿਹਾ ਹੈ। ਆਨੰਦਪੁਰ ਸਾਹਿਬ ਸੀਟ ਲਈ ਅਜੇ ਵੀ ਪੇਚ ਫਸਿਆ ਪਿਆ ਹੈ ਕਿਉਂਕਿ ‘ਆਪ’ ਉਥੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। ਦਰਅਸਲ ਪਾਰਟੀ ਦੀ ਲੀਡਰਸ਼ਿਪ ਸ੍ਰੀ ਸ਼ੇਰਗਿੱਲ ਨੂੰ ਵਾਪਸ ਲੈਣ ਦੀ ਸਥਿਤੀ ਵਿਚ ਨਹੀਂ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਖਰੜ ਹਲਕੇ ਦੀ ਬਜਾਏ ਮੁਹਾਲੀ ਤੋਂ ਚੋਣ ਲੜਾਈ ਗਈ ਸੀ। ਦੂਸਰੇ ਪਾਸੇ ਟਕਸਾਲੀ ਦਲ ਆਨੰਦਪੁਰ ਸਾਹਿਬ ਨੂੰ ਪੰਥਕ ਹਲਕਾ ਮੰਨ ਕੇ ਇਥੋਂ ਆਪਣਾ ਉਮੀਦਵਾਰ ਖੜ੍ਹਾ ਕਰਨ ਲਈ ਬਜ਼ਿਦ ਹੈ।
ਸੰਪਰਕ ਕਰਨ ’ਤੇ ਭਗਵੰਤ ਮਾਨ ਨੇ ਟਕਸਾਲੀ ਦਲ ਨਾਲ ਮੀਟਿੰਗ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਮਝੌਤਾ ਹੋ ਚੁੱਕਾ ਹੈ ਅਤੇ ਰਸਮੀ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਤਹਿਤ ਹਲਕਾ ਆਨੰਦਪੁਰ ਸਾਹਿਬ ਤੋਂ ਦੋਵੇਂ ਪਾਰਟੀਆਂ ਦੇ ਉਮੀਦਵਾਰ ਚੋਣ ਲੜਨਗੇ। ਇਸ ਸਬੰਧੀ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਆਨੰਦਪੁਰ ਸਾਹਿਬ ਨੂੰ ਛੱਡ ਕੇ ਬਾਕੀ ਸੀਟਾਂ ’ਤੇ ਬਹੁਤਾ ਝਗੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਪੂਰਨ ਸਮਝੌਤਾ ਤਾਂ ਹੀ ਹੈ ਜੇ ਆਨੰਦਪੁਰ ਤੋਂ ਵੀ ਇਕੋ ਧਿਰ ਹੀ ਚੋਣ ਲੜੇ। ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਪਾਰਟੀ ਨਾਲ ਸਲਾਹ ਕਰਨਗੇ ਅਤੇ ਗੱਠਜੋੜ ਨੂੰ ਅੰਤਿਮ ਰੂਪ ਦੇਣ ’ਚ ਅਜੇ ਦੋ-ਚਾਰ ਦਿਨ ਹੋਰ ਲੱਗ ਸਕਦੇ ਹਨ।

You May Also Like

Leave a Reply

Your email address will not be published. Required fields are marked *