‘ਆਪ’ ਵੱਲੋਂ ਰਾਜ ਸਭਾ ਸੀਟ ਲਈ ਰਘੂਰਾਮ ਰਾਜਨ ਤੱਕ ਪਹੁੰਚ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਕੋਲ ਪਹੁੰਚ ਕਰ ਕੇ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਹੈ।
‘ਆਪ’ ਦੇ ਇਕ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ਉਤੇ ਦੱਸਿਆ ਕਿ ਪਾਰਟੀ ਅਗਲੇ ਸਾਲ ਖ਼ਾਲੀ ਹੋਣ ਵਾਲੀਆਂ ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ ਆਪਣੇ ਕਿਸੇ ਆਗੂ ਨੂੰ ਨਹੀਂ ਉਤਾਰੇਗੀ। ਦਿੱਲੀ ਵਿਧਾਨ ਸਭਾ ਵਿੱਚ 66 ਸੀਟਾਂ ਦੇ ਵੱਡੇ ਬਹੁੱਮਤ ਕਾਰਨ ਪਾਰਟੀ ਉਮੀਦਵਾਰਾਂ ਦੀ ਜਿੱਤ ਤੈਅ ਹੈ।
ਇਸ ਆਗੂ ਨੇ ਕਿਹਾ ਕਿ ਰਾਜਨ ਤੋਂ ਇਲਾਵਾ ਪਾਰਟੀ ਕਾਨੂੰਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚੋਂ ਵੀ ਇਕ ਇਕ ਸ਼ਖ਼ਸੀਅਤ ਨੂੰ ਉਮੀਦਵਾਰ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ‘‘ਪਾਰਟੀ ਨੇ ਰਾਜਨ ਕੋਲ ਪਹੁੰਚ ਕੀਤੀ ਸੀ ਪਰ ਉਨ੍ਹਾਂ ਹਾਲੇ ਆਪਣੇ ਰਾਇ ਨਹੀਂ ਦੱਸੀ।’’ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਪਿਛਲੇ ਸਾਲ ਸਾਲ ਰਾਜਨ ਦੇ ਕਾਰਜਕਾਲ ਵਿੱਚ ਵਾਧਾ ਨਹੀਂ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਅਕਾਦਮਿਕ ਖੇਤਰ ਵਿੱਚ ਪਰਤਣਾ ਪਿਆ।
ਰਾਜ ਸਭਾ ਲਈ ਕਿਸੇ ਪਾਰਟੀ ਉਮੀਦਵਾਰ ਨੂੰ ਨਾ ਉਤਾਰਨ ਦੇ ਫੈਸਲੇ ਨੂੰ ‘ਆਪ’ ਵਿੱਚ ਚੱਲ ਰਹੀ ਅੰਦਰੂਨੀ ਕਸ਼ਮਕਸ਼ ਨੂੰ ਖ਼ਤਮ ਕਰਨ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ਗੀ ਜਤਾ ਚੁੱਕੇ ਕੁਮਾਰ ਵਿਸ਼ਵਾਸ ਨੂੰ ਇਸ ਦੌੜ ਵਿੱਚ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ ਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੌਜੂਦਾ ਸਮੀਕਰਨ ਕਾਰਨ ਪਾਰਟੀ ਵੱਲੋਂ ਉਸ ਨੂੰ ਉਪਰਲੇ ਸਦਨ ਵਿੱਚ ਭੇਜਣ ਦੇ ਮੌਕੇ ਕਾਫ਼ੀ ਘੱਟ ਹਨ। ਦਿੱਲੀ ਤੋਂ ਰਾਜ ਸਭਾ ਵਿੱਚ ਤਿੰਨ ਮੈਂਬਰ ਜਾਂਦੇ ਹਨ। ਇਸ ਸਮੇਂ ਜਨਾਰਦਨ ਦਿਵੇਦੀ, ਪਰਵੇਜ਼ ਹਾਸ਼ਮੀ ਤੇ ਕਰਨ ਸਿੰਘ ਇਸ ਸ਼ਹਿਰ ਦੀ ਨੁਮਾਇੰਦਗੀ ਕਰ ਰਹੇ ਹਨ, ਜਿਨ੍ਹਾਂ ਦਾ ਕਾਰਜਕਾਲ ਅਗਲੇ ਵਰ੍ਹੇ ਜਨਵਰੀ ਵਿੱਚ ਖ਼ਤਮ ਹੋ ਰਿਹਾ ਹੈ।

You May Also Like

Leave a Reply

Your email address will not be published. Required fields are marked *