ਆਸਟਰੇਲੀਆ ’ਚ ਚੀਨੀ ਅਤੇ ਹੋਰ ਲੋਕਾਂ ਨਾਲ ਹੋ ਰਿਹੈ ਨਸਲੀ ਵਿਤਕਰਾ

ਸਿਡਨੀ, 13 ਅਪਰੈਲ
ਆਸਟਰੇਲਿਆਈ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਨਸਲੀ ਵਿਤਕਰੇ ਦੀਆਂ ਸ਼ਿਕਾਇਤਾਂ ਦਰਜ ਕਰਨ ਵਾਲੇ ਚਾਰ ਲੋਕਾਂ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਵਿਡ-19 ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਕਮਿਸ਼ਨ ਨੇ ਕਰੋਨਾਵਾਇਰਸ ਨੂੰ ਲੈ ਕਿ ਚੀਨ ਅਤੇ ਹੋਰ ਏਸ਼ਿਆਈ ਪਿਛੋਕੜ ਦੇ ਲੋਕਾਂ ਨਾਲ ਹੋ ਰਹੇ ਨਸਲੀ ਵਿਤਕਰੇ ਬਾਰੇ ਚਿੰਤਾ ਪ੍ਰਗਟਾਈ ਹੈ।
ਕਮਿਸ਼ਨ ਨੇ ਕਿਹਾ ਕਿ ਕੋਵਿਡ ਦਾ ਨਸਲ ਜਾਂ ਕੌਮੀਅਤ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਕਿਸੇ ਇੱਕ ਫਿਰਕੇ ਤੋਂ ਵਾਇਰਸ ਦਾ ਡਰ ਹੈ। ਇਹ ਜਾਤ ਅਤੇ ਕੌਮੀ ਦੇ ਆਧਾਰ ’ਤੇ ਲੋਕਾਂ ਨਾਲ ਦੁਰਵਿਵਹਾਰ ਕਰਨ ਦੇ ਬਹਾਨੇ ਹਨ। ਇਸ ਸਾਲ ਪਿਛਲੇ ਦੋ ਮਹੀਨਿਆਂ ਵਿਚ ਨਸਲੀ ਵਿਤਕਰੇ ਦੀਆਂ ਸ਼ਿਕਾਇਤਾਂ ਵਿਚ ਭਾਰੀ ਵਾਧਾ ਹੋਇਆ ਹੈ। ਕਮਿਸ਼ਨਰ ਚਿਨ ਟੈਨ ਨੇ ਕਿਹਾ ਕਿ ਨਸਲਵਾਦ ਵਿਰੁੱਧ ਖੜ੍ਹੇ ਹੋਣ ਦੀ ਲੋੜ ਹੈ। ਇਹ ਉਦੋਂ ਹੀ ਵਧਦਾ ਹੈ ਜਦੋਂ ਭਾਈਚਾਰਾ ਇਸ ਨੂੰ ਰੋਕਣ ਲਈ ਖੁਦ ਅੱਗੇ ਨਹੀਂ ਆਉਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਦੇ ਸਮੇਂ ਵਿਚ ਦਿਆਲਤਾ ਦਿਖਾਉਣ ਅਤੇ ਇੱਕ-ਦੂਜੇ ਦਾ ਸਮਰਥਨ ਕਰਨ। ‘ਨਸਲੀ ਘਟਨਾਵਾਂ ਸਾਡੀ ਸਮੂਹਿਕ ਤੰਦਰੁਸਤੀ ਨੂੰ ਉਸ ਸਮੇਂ ਵਧੇਰੇ ਨੁਕਸਾਨ ਪਹੁੰਚਾਉਦੀਆਂ ਹਨ ਜਦੋਂ ਸਾਨੂੰ ਇਕੱਠੇ ਕੰਮ ਕਰਨ ਦੀ ਲੋੜ ਹੁੰਦੀ ਹੈ।’
ਉਧਰ ਸਿਡਨੀ ਵਿਚ ਚੀਨ ਦੇ ਦੂਤਾਵਾਸ ਸਾਹਮਣੇ ਇੱਕ ਸਿਰ ਫਿਰੇ ਆਸਟਰੇਲਿਆਈ ਗੋਰੇ ਵੱਲੋਂ ਚਾਬੁਕ ਨਾਲ ਧਮਕਾਇਆ ਗਿਆ। ਉਸ ਨੇ ਚੀਨ ਵਾਸੀਆਂ ਨੂੰ ਕਰੋਨਾ ਲਿਆਉਣ ਅਤੇ ਫੈਲਾਉਣ ਲਈ ਜ਼ਿੰਮੇਵਾਰ ਦੱਸਦਿਆਂ ਮੁਲਕ ਖਾਲੀ ਕਰਨ ਲਈ ਕਿਹਾ ਸੀ। ਪੁਲੀਸ ਨੇ ਉਸ ਖ਼ਿਲਾਫ਼ ਨਸਲੀ ਵਿਤਕਰਾ ਰੋਕੂ ਕਾਨੂੰਨ ਤਹਿਤ ਭੜਕਾਊ ਕਾਰਵਾਈ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇੱਕ ਹੋਰ ਮਾਮਲੇ ਵਿਚ ਸ਼ਾਪਿੰਗ ਸੈਂਟਰ ਵਿਖੇ ਸਕਿਉਰਿਟੀ ਦੀ ਡਿਊਟੀ ਦੇ ਰਹੇ ਚੀਨ ਦੇ ਮੂਲਵਾਸੀ ਨੂੰ ਆਸਟਰੇਲੀਅਨ ਗੋਰੀ ਨੇ ਧਮਕਾਇਆ ਸੀ। ਉਸ ਨੇ ਗੁੱਸੇ ਭਰੇ ਲਹਿਜ਼ੇ ਵਿਚ ਨਸਲੀ ਟਿੱਪਣੀਆਂ ਕੀਤੀਆਂ ਜਦੋਂ ਕਿ ਸਕਿਉਰਿਟੀ ਗਾਰਡ ਨੇ ਠਰ੍ਹੰਮੇ ਨਾਲ ਸਥਿਤੀ ਦਾ ਸਾਹਮਣਾ ਕੀਤਾ। ਪੁਲੀਸ ਨੇ ਗੋਰੀ ਔਰਤ ਵਿਰੁੱਧ ਵੀ ਨਸਲੀ ਵਿਤਕਰੇ ਦਾ ਮਾਮਲਾ ਦਰਜ ਕੀਤਾ ਹੈ।

You May Also Like

Leave a Reply

Your email address will not be published. Required fields are marked *