ਇਤਿਹਾਸ ਦਾ ਸਿਲੇਬਸ ਮੁੜ ਲਿਖਣ ਬਾਰੇ ਕਮੇਟੀ ਅਕਾਲੀ-ਭਾਜਪਾ ਸਰਕਾਰ ਨੇ ਬਣਾਈ: ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਿਆਰ੍ਹਵੀਂ ਅਤੇ ਬਾਰਵ੍ਹੀਂ ਦੇ ਇਤਿਹਾਸ ਦੇ ਸਿਲੇਬਸ ਸਬੰਧੀ ਪੈਦਾ ਹੋਏ ਵਿਵਾਦ ਦੀ ਰੌਸ਼ਨੀ ਵਿੱਚ ਉਹ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਸੋਧਣ ਤੇ ਮੁੜ ਲਿਖਣ ਬਾਰੇ ਸਥਾਪਤ ਕੀਤੀ ਗਈ ਕਮੇਟੀ ’ਤੇ ਨਜ਼ਰਸਾਨੀ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਨਵੀਂ ਕਮੇਟੀ ਦਾ ਗਠਨ ਵੀ ਕਰਨਗੇ। ਅੱਜ ਇੱਥੇ ਜਾਰੀ ਬਿਆਨ ਰਾਹੀਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਵਿਵਾਦ ਦਾ ਕੇਂਦਰ ਰਹੇ ਇਤਿਹਾਸ ਦੇ ਸਿਲੇਬਸ ਵਿੱਚ ਜੇਕਰ ਗਲਤੀਆਂ ਹੋਈਆਂ ਹਨ ਤਾਂ ਉਸ ਕਮੇਟੀ ਵੱਲੋਂ ਉਨ੍ਹਾਂ ਦੀ ਤਸਦੀਕ ਕੀਤੀ ਜਾ ਸਕੇਗੀ, ਜੋ ਕਿ ਪਿਛਲੀ ਬਾਦਲ ਸਰਕਾਰ ਨੇ ਐੱਨ.ਸੀ.ਈ.ਆਰ.ਟੀ. ਦੇ ਸਿਲੇਬਸ ਨਾਲ ਇਸ ਸਿਲੇਬਸ ਨੂੰ ਜੋੜਨ ਦਾ ਜਾਇਜ਼ਾ ਲੈਣ ਵਾਸਤੇ ਬਣਾਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਿਲੇਬਸ ਵਿੱਚ  ਗਲਤੀਆਂ ਮਿਲੀਆਂ ਤਾਂ ਉਨ੍ਹਾਂ ਨੂੰ ਸੋਧਣ ਲਈ ਢੁਕਵੇਂ ਕਦਮ ਚੁੱਕਣ ਵਾਸਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਇਤਿਹਾਸ ਦੀਆਂ ਕਿਤਾਬਾਂ ਦਾ ਮੁੜ ਜਾਇਜ਼ਾ ਲੈਣ ਵਾਸਤੇ ਨਵੀਂ ਕਮੇਟੀ ਵੀ ਬਣਾਈ ਜਾਵੇਗੀ। ਸਕੂਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਦੇ ਅਹਿਮ ਅਧਿਆਇ ਨੂੰ ਕਥਿਤ ਤੌਰ ’ਤੇ ਕੱਢ ਦਿੱਤੇ ਜਾਣ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਨਵੇਂ ਸਿਲੇਬਸ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ ਜਦਕਿ ਇਸ ਕਮੇਟੀ ਨੂੰ ਅਸਲ ਵਿੱਚ ਉਸ (ਗਠਜੋੜ ਸਰਕਾਰ) ਵੱਲੋਂ ਹੀ ਗਠਿਤ ਕੀਤਾ ਗਿਆ ਸੀ। ਇਸ ਕਮੇਟੀ ਨੇ ਸਕੂਲ ਦੇ ਸਿਲੇਬਸ ’ਤੇ ਮੁੜ ਕਾਰਜ ਕੀਤਾ ਹੈ। ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਗਿਆਰ੍ਹਵੀਂ ਕਲਾਸ ਦੇ ਇਤਿਹਾਸ ਦੀ ਜਿਸ ਕਿਤਾਬ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰ ਵੱਲੋਂ ਹਮਲੇ ਕੀਤੇ ਜਾ ਰਹੇ ਹਨ, ਉਹ ਤਾਂ ਅਜੇ ਤੱਕ ਜਾਰੀ ਹੀ ਨਹੀਂ ਕੀਤੀ ਗਈ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਤੋਂ ਬਾਹਰ ਹੋਣ ਵੇਲੇ ਧਰਮ ਨੂੰ ਵਰਤਣਾ ਅਕਾਲੀਆਂ ਦੀ ਆਦਤ ਹੈ ਪਰ ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਧਰਮ ਦਾ ਸਿਆਸੀਕਰਨ ਕਰਕੇ ਹਰੇਕ ਵਾਰ ਪੰਜਾਬ ਦੇ ਲੋਕਾਂ ਨੂੰ ਇਸ ਦਾ ਵੱਡਾ ਮੁੱਲ ਤਾਰਨਾ ਪਿਆ ਹੈ। ਨੌਜਵਾਨਾਂ ਨੂੰ ਗਰਮਿਖ਼ਆਲੀ ਬਣਾ ਕੇ ਸੂਬੇ ਵਿੱਚ ਗੜਬੜੀ ਪੈਦਾ ਕਰਨ ਲਈ ਭਾਰਤ ਵਿਰੋਧੀ ਤੱਤਾਂ ਖਾਸਕਰ ਪਾਕਿਸਤਾਨ ਦੀ ਆਈ.ਐੱਸ.ਆਈ. ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦੇਵੇਗੀ।

You May Also Like

Leave a Reply

Your email address will not be published. Required fields are marked *