ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਵਿਰੋਧ ‘ਚ ਕੈਨੇਡਾ ‘ਚ ਰੋਸ ਪ੍ਰਦਰਸ਼ਨ

ਵਾਸ਼ਿੰਗਟਨ/ਕੈਲਗਰੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ  ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਸਬੰਧੀ ਕੀਤੇ ਐਲਾਨ ਤੋਂ ਬਾਅਦ ਹੀ ਦੇਸ਼ਾਂ-ਵਿਦੇਸ਼ਾਂ ‘ਚ ਟਰੰਪ ਦੇ ਫੈਸਲੇ ਖਿਲਾਫ ਲੋਕ ਖੜ੍ਹੇ ਹੋ ਗਏ ਹਨ। ਕੈਨੇਡਾ ‘ਚ ਟਰੰਪ ਦੇ ਇਸ ਫੈਸਲੇ ਦੇ ਵਿਰੋਧ ‘ਚ ਰੈਲੀ ਕੱਢੀ ਗਈ। ਟੋਰਾਂਟੋ ‘ਚ ਸਥਿਤ ਅਮਰੀਕੀ ਅੰਬੈਸੀ ਦੇ ਬਾਹਰ ਸੈਂਕੜੇ ਦੀ ਗਿਣਤੀ ਵਿੱਚ ਫਿਲਸਤੀਨੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਨੇ ਦੋ ਦਿਨ ਤੱਕ ਇੱਥੇ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਇਲਾਵਾ ਐਡਮਿੰਟਨ ਸੂਬੇ ‘ਚ ਅਲਬਰਟਾ ਵਿਧਾਨ ਸਭਾ ਦੇ ਨੇੜੇ ਵੀ ਐਤਵਾਰ ਨੂੰ ਰੋਸ ਪ੍ਰਦਰਸ਼ਨ ਚੱਲਦਾ ਰਿਹਾ।

ਪਿਛਲੇ ਹਫਤੇ ਟਰੰਪ ਨੇ ਅਮਰੀਕੀ ਅੰਬੈਸੀ ਨੂੰ ਇਜ਼ਰਾਈਲ ਦੇ ਤੇਲ ਅਵੀਵ ਤੋਂ ਬਦਲ ਕੇ ਯੇਰੂਸ਼ਲਮ ਲੈ ਜਾਣ ਦੀ ਯੋਜਨਾ ਦੇ ਕੀਤੇ ਐਲਾਨ ਤੋਂ ਬਾਅਦ ਦੁਨੀਆ ਭਰ ਵਿੱਚ ਇਸ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ। ਯੇਰੂਸ਼ਲਮ, ਜੋ ਕਿ ਮੁਸਲਮਾਨਾਂ, ਯਹੂਦੀਆਂ ਅਤੇ ਈਸਾਈਆਂ ਲਈ ਇੱਕੋ ਜਿੰਨੀ ਅਹਿਮੀਅਤ ਰੱਖਦਾ ਹੈ, ਲੰਬੇ ਸਮੇਂ ਤੋਂ ਇਜ਼ਰਾਈਲ ਅਤੇ ਅਰਬ ਮੁਲਕਾਂ ਵਿਚਾਲੇ ਵਿਵਾਦ ਦਾ ਮੁੱਖ ਕਾਰਨ ਰਿਹਾ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਮੱਧ ਪੂਰਬ ਵਿੱਚ ਕਈ ਥਾਂਵਾਂ ‘ਤੇ ਹਿੰਸਕ ਝੜਪਾਂ ਵੀ ਹੋਈਆਂ ।
ਟੋਰਾਂਟੋ ਵਿੱਚ ਹਰ ਉਮਰ ਦੇ ਲੋਕ ਸ਼ਨੀਵਾਰ ਅਤੇ ਐਤਵਾਰ ਨੂੰ ਅਮਰੀਕੀ ਅੰਬੈਸੀ ਦੇ ਬਾਹਰ ‘ਯੂਨੀਵਰਸਿਟੀ ਐਵਨਿਊ’ ‘ਤੇ ਸਥਿਤ ਕੋਰਟਹਾਊਸ ਦੇ ਬਾਹਰ ਇੱਕਠੇ ਹੋਏ। ਕੈਨੇਡੀਅਨ ਫਿਲਸਤੀਨੀਅਨ ਕੌਂਸਲ ਦੇ ਰਸ਼ਦ ਸਾਲੇਹ ਨੇ ਕਿਹਾ ਕਿ ਯੇਰੂਸ਼ਲਮ ਫਿਲਸਤੀਨ ਦਾ ਦਿਲ ਹੈ ਤੇ ਇਹ ਫਿਲਸਤੀਨੀ ਲੋਕਾਂ ਦੇ ਦਿਲ ਦੀ ਧੜਕਨ ਹੈ। ਇੱਥੇ 150 ਤੋਂ ਵਧ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਲੇਹ ਨੇ ਟਰੰਪ ਦੇ ਐਲਾਨ ਦੀ ਨਿਖੇਧੀ ਕੀਤੀ ਅਤੇ ਵਿਸ਼ਵ ਆਗੂਆਂ ਨੂੰ ਵੀ ਉਸ ਦੀ ਇਸ ਚਾਲ ਦਾ ਵਿਰੋਧ ਕਰਨ ਦੀ ਗੁਹਾਰ ਲਾਈ।
ਉਨ੍ਹਾਂ ਕਿਹਾ ਕਿ ਯੇਰੂਸ਼ਲਮ ਤੋਂ ਬਿਨਾਂ ਫਿਲਸਤੀਨ ਦੀ ਹੋਂਦ ਨਹੀਂ ਹੈ। ਭੀੜ ਵਿੱਚ ਸ਼ਾਮਲ ਲੋਕਾਂ ਨੇ ਫਿਲਸਤੀਨੀ ਅਤੇ ਕੈਨੇਡੀਅਨ ਝੰਡੇ, ਸਾਈਨ ਬੋਰਡ ਚੁੱਕੇ ਹੋਏ ਸਨ, ਜਿਨ੍ਹਾਂ ਉੱਤੇ ‘ਫਿਲਸਤੀਨ ਨੂੰ ਆਜ਼ਾਦ ਕਰੋ’, ‘ਇੱਕ-ਜੁੱਟ ਲੋਕਾਂ ਨੂੰ ਕੋਈ ਨਹੀਂ ਹਰਾ ਸਕਦਾ’ ਅਤੇ ਟਰੰਪ ਦੇ ਨਵੇਂ ਫੁਰਨੇ ਦੇ ਵਿਰੋਧ ‘ਚ ਲਿਖਿਆ ਹੋਇਆ ਸੀ।

 

You May Also Like

Leave a Reply

Your email address will not be published. Required fields are marked *