ਸਿਓਲ: ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਮੁਲਕ ਦੇ ਸਦਰ ਡੋਨਲਡ ਟਰੰਪ ਵੱਲੋਂ ਉਤਰੀ ਕੋਰੀਆ ਨਾਲ ਛੇੜੀ ‘ਖ਼ਤਰਨਾਕ’ ਲਫ਼ਜ਼ੀ ਜੰਗ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਅੱਜ ਕਿਹਾ ਕਿ ਸ੍ਰੀ ਟਰੰਪ ਦੇ ਟਵਿੱਟਰ ਹਮਲੇ ਸਿਰਫ਼ ਉਤਰੀ ਕੋਰੀਆ ਦੇ ਪ੍ਰਚਾਰ ਦੇ ਭੁੱਖੇ ਹਾਕਮ ਦਾ ਹੀ ਫ਼ਾਇਦਾ ਕਰ ਰਹੇ ਹਨ ਤੇ ਇਸ ਨਾਲ ਵਾਸ਼ਿੰਗਟਨ ਦੀ ਸਾਖ਼ ਨੂੰ ਖ਼ੋਰਾ ਲੱਗਿਆ ਹੈ।
ਬੀਬੀ ਕਲਿੰਟਨ ਬੀਤੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਸ੍ਰੀ ਟਰੰਪ ਤੋਂ ਹਾਰ ਗਈ ਸੀ। ਇਥੇ ਦੱਖਣੀ ਕੋਰੀਆ ਵਿੱਚ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ, ‘‘ਮੈਨੂੰ ਨਵੇਂ ਪ੍ਰਸ਼ਾਸਨ (ਟਰੰਪ ਪ੍ਰਸ਼ਾਸਨ) ਦੀਆਂ ਕੁਝ ਕਾਰਵਾਈਆਂ ਤੋਂ ਫ਼ਿਕਰ ਹੋ ਰਹੀ ਹੈ, ਜੋ ਤਣਾਅ ਪੈਦਾ ਕਰਨ ਵਾਲੀਆਂ ਹਨ। ਇਸ ਕਾਰਨ ਹੁਣ ਸਾਡੇ ਭਾਈਵਾਲ ਅਮਰੀਕਾ ਦੀ ਸਾਖ਼ ਤੇ ਭਰੋਸੇਯੋਗਤਾ ਉਤੇ ਸਵਾਲ ਖੜ੍ਹੇ ਕਰ ਰਹੇ ਹਨ।’’