ਐਸਐਨਸੀ-ਲਾਵਾਲਿਨ ਮਾਮਲੇ ਉੱਤੇ ਐਮਪੀਜ਼ ਨੇ ਕੀਤੀ ਫੌਰੀ ਬਹਿਸ ਕਰਵਾਉਣ ਦੀ ਮੰਗ

ਓਟਵਾ: ਹਾਊਸ ਦੀ ਨਿਆਂ ਕਮੇਟੀ ਸਾਹਮਣੇ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਵੱਲੋਂ ਦਿੱਤੀ ਗਈ ਗਵਾਹੀ ਤੋਂ ਬਾਅਦ ਐਮਪੀਜ਼ ਵੱਲੋਂ ਵੀਰਵਾਰ ਸ਼ਾਮ ਨੂੰ ਐਮਰਜੰਸੀ ਬਹਿਸ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਵਿਲਸਨ ਰੇਅਬੋਲਡ ਨੇ ਆਪਣੀ ਗਵਾਹੀ ਵਿੱਚ ਆਖਿਆ ਕਿ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਕੰਪਨੀ ਖਿਲਾਫ ਮੁਜਰਮਾਨਾ ਕਾਰਵਾਈ ਨਾ ਕਰਨ ਲਈ ਉਸ ਉੱਤੇ ਜਿੱਥੇ ਦਬਾਅ ਪਾਇਆ ਗਿਆ ਉੱਥੇ ਹੀ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਕੰਜ਼ਰਵੇਟਿਵ ਹਾਊਸ ਲੀਡਰ ਕੈਂਡਿਸ ਬਰਜਨ ਨੇ ਇਸ ਮੁੱਦੇ ਉੱਤੇ ਫੌਰੀ ਤੌਰ ਉੱਤੇ ਬਹਿਸ ਕਰਵਾਏ ਜਾਣ ਦੀ ਮੰਗ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਹਾਊਸ ਦੀ ਨਿਆਂ ਕਮੇਟੀ ਸਾਹਮਣੇ 30 ਮਿੰਟ ਦੇ ਆਪਣੇ ਸ਼ੁਰੂਆਤੀ ਬਿਆਨ ਵਿੱਚ ਰੇਅਬੋਲਡ ਨੇ ਸਿੱਧੇ ਤੌਰ ਉੱਤੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਆਫਿਸ, ਪ੍ਰਿਵੀ ਕਾਉਂਸਲ ਆਫਿਸ ਤੇ ਵਿੱਤ ਮੰਤਰੀ ਬਿੱਲ ਮੌਰਨਿਊ ਦੇ ਆਫਿਸ ਵੱਲੋਂ ਪਾਏ ਜਾਣ ਵਾਲੇ ਦਬਾਅ ਤੇ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਬਾਰੇ ਦੱਸਿਆ।
ਬਰਜਨ ਨੇ ਐਮਰਜੰਸੀ ਬਹਿਸ ਲਈ ਮੰਗ ਕਰਦਿਆਂ ਆਖਿਆ ਕਿ ਰੇਅਬੋਲਡ ਦੀ ਇਸ ਗਵਾਹੀ ਨਾਲ ਪ੍ਰਧਾਨ ਮੰਤਰੀ,ਉਨ੍ਹਾਂ ਦੇ ਮੰਤਰੀ ਮੰਡਲ, ਪ੍ਰਿਵੀ ਕਾਉਂਸਲ ਦੇ ਕਲਰਕ, ਵਿੱਤ ਮੰਤਰੀ ਤੇ ਮੌਜੂਦਾ ਅਟਾਰਨੀ ਜਨਰਲ ਤੋਂ ਭਰੋਸਾ ਉੱਠ ਗਿਆ ਹੈ ਤੇ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਬਰਜਨ ਦੀ ਇਸ ਮੰਗ ਦਾ ਸਮਰਥਨ ਐਨਡੀਪੀ ਐਮਪੀ ਚਾਰਲੀ ਐਂਗਸ ਵੱਲੋਂ ਵੀ ਕੀਤਾ ਗਿਆ। ਇਸ ਹਫਤੇ ਦੇ ਅੰਤ ਵਿੱਚ ਐਮਪੀਜ਼ ਦੋ ਹਫਤਿਆਂ ਦੀ ਛੁੱਟੀ ਕਰਕੇ ਆਪੋ ਆਪਣੇ ਹਲਕਿਆਂ ਵਿੱਚ ਜਾਣਗੇ, ਇਸ ਦੇ ਮੱਦੇਨਜ਼ਰ ਐਂਗਸ ਨੇ ਆਖਿਆ ਕਿ ਸਾਨੂੰ ਇਸ ਬਹਿਸ ਦੀ ਫੌਰੀ ਲੋੜ ਹੈ ਕਿਉਂਕਿ ਸਾਨੂੰ ਆਪਣੇ ਹਲਕਾ ਵਾਸੀਆਂ ਨੂੰ ਇਹ ਦੱਸਣਾ ਹੋਵੇਗਾ ਕਿ ਕੈਨੇਡਾ ਵਿੱਚ ਕਾਨੂੰਨ ਅਜੇ ਵਿਕਿਆ ਨਹੀਂ ਹੈ ਤੇ ਸਿਆਸਤ ਗੰਧਲਾਈ ਨਹੀਂ ਹੈ।
ਐਮਪੀਜ਼ ਵੱਲੋਂ ਬਹਿਸ ਦੀ ਕੀਤੀ ਜਾ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹਾਊਸ ਆਫ ਕਾਮਨਜ਼ ਦੇ ਸਪੀਕਰ ਜੈਫ ਰੀਗਨ ਨੇ ਆਖਿਆ ਕਿ ਉਹ ਇਹ ਬੇਨਤੀ ਮੰਨਣ ਲਈ ਤਿਆਰ ਹਨ। ਵੀਰਵਾਰ ਨੂੰ ਕਿਊਬਿਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਜੇ ਇਸ ਮਾਮਲੇ ਵਿੱਚ ਅਧਿਐਨ ਚੱਲ ਰਿਹਾ ਹੈ ਤੇ ਜਿਹੜੇ ਦੋਸ਼ ਲਾਏ ਗਏ ਹਨ ਉਨ੍ਹਾਂ ਦੀ ਤਹਿ ਤੱਕ ਪਹੁੰਚਿਆ ਜਾਵੇਗਾ। ਇਸ ਦੌਰਾਨ ਇਸ ਸਕੈਂਡਲ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਟਰੂਡੋ ਦੇ ਸੀਨੀਅਰ ਅਧਿਕਾਰੀ ਗੇਰਾਲਡ ਬੱਟਸ ਦੇ ਵੀ ਅਗਲੇ ਹਫਤੇ ਕਮੇਟੀ ਸਾਹਮਣੇ ਪੇਸ਼ ਹੋ ਕੇ ਗਵਾਹੀ ਦੇਣ ਦੀ ਸੰਭਾਵਨਾ ਹੈ।

You May Also Like

Leave a Reply

Your email address will not be published. Required fields are marked *