ਕਣਕ ਦੀ ਵਾਢੀ ਕਿਸਾਨਾਂ ਲਈ ਸਿਰਦਰਦੀ ਬਣ ਸਕਦੀ ਹੈ

ਸੰਗਰੂਰ, 13 ਅਪ੍ਰੈਲ – ਪੰਜਾਬ ‘ਚ ਇਸ ਵਾਰ ਕਣਕ ਦੀ ਕਟਾਈ ‘ਚ ਸਖ਼ਤੀ ਕੀਤੀ ਗਈ ਤਾਂ ਲੱਗਦਾ ਨਹੀਂ ਕਿ ਵਾਢੀ ਸਹੀ ਸਮੇਂ ‘ਤੇ ਹੋ ਸਕੇਗੀ। ਇਸ ਵਾਰ ਖੇਤਾਂ ਵਿੱਚ ਲਗੱਭਗ ਅੱਸੀ ਲੱਖ ਏਕੜ ਕਣਕ ਖੜੀ ਹੈ। ਪੰਜਾਬ ਸਰਕਾਰ ਭਾਵੇਂ ਇਸ ਵਾਰ ਕਣਕ ਦੀ ਵਿਕਰੀ ਲਈ ਚੋਖੀ ਫ਼ਿਕਰਮੰਦ ਨਜ਼ਰ ਆ ਰਹੀ ਹੈ ਪਰ ਇਸ ਦੀ ਕਟਾਈ ਦੇ ਕਈ ਪੱਖ ਹਨ, ਜਿਹੜੇ ਸਰਕਾਰ ਦਾ ਵਿਸ਼ੇਸ਼ ਧਿਆਨ ਮੰਗਦੇ ਹਨ।
ਵਰਨਣ ਯੋਗ ਹੈ ਕਿ ਲਗੱਭਗ ਸੱਠ ਫ਼ੀਸਦੀ ਕੰਬਾਈਨਾਂ ਪੰਜਾਬ ਵਿੱਚੋਂ ਬਾਹਰਲੇ ਰਾਜਾਂ ‘ਚ ਗਈਆਂ ਹੋਈਆਂ ਹਨ। ਮਹਾਰਾਸ਼ਟਰ ਵਿੱਚ ਫਰਵਰੀ ਦੇ ਅਖ਼ੀਰਲੇ ਹਫ਼ਤੇ ਕਣਕ ਦੀ ਕਟਾਈ ਸ਼ੁਰੂ ਹੁੰਦੀ ਹੈ ਅਤੇ ਫਿਰ ਨਾਲ ਲੱਗਦੇ ਰਾਜਾਂ ਵਿੱਚ ਇਧਰਲੇ ਕੰਬਾਈਨ ਵਾਲੇ ਕਟਾਈ ਕਰਕੇ ਰਾਜਸਥਾਨ ਅਤੇ ਹਰਿਆਣਾ ‘ਚ ਕਣਕ ਦੀ ਕਟਾਈ ਕਰਦੇ-ਕਰਦੇ ਪੰਜਾਬ ਦੀ ਕਟਾਈ ਲਈ ਮੁੜ ਆਉਂਦੇ ਹਨ। ਇਸ ਵਾਰ ਮਾਲਵੇ ਵਿੱਚ ਮੌਸਮ ਠੰਢਾ ਹੋਣ ਕਰਕੇ ਕਣਕ ਹਫ਼ਤਾ ਪਛੜ ਗਈ ਅਤੇ ਹਰ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਇਹ ਜ਼ਰੂਰੀ ਕੀਤਾ ਗਿਆ ਹੈ ਕਿ ਬਾਹਰਲੇ ਰਾਜਾਂ ਤੋਂ ਆਏ ਕੰਬਾਈਨਾਂ ਵਾਲਿਆਂ ਨੂੰ ਪੰਦਰਾਂ ਦਿਨ ਇਕਾਂਤਵਾਸ ‘ਚ ਰਹਿਣਾ ਪਵੇਗਾ। ਕੰਬਾਈਨਾਂ ਵਾਲਿਆਂ ਨੇ ਨਵਾਂ ਰਸਤਾ ਕੱਢ ਕੇ ਪੰਜਾਬ ਵਿੱਚ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਨਾ ਆਉਣ ਦਾ ਫ਼ੈਸਲਾ ਕੀਤਾ ਹੈ। ਉਹ ਪੰਜਾਬ ‘ਚ ਆ ਕੇ ਜਿੱਥੇ ਕਟਾਈ ਦਾ ਕੰਮ ਮਿਲਿਆ, ਉਥੇ ਕਟਾਈ ਕਰਨ ਦਾ ਮਨ ਬਣਾ ਚੁੱਕੇ ਹਨ। ਉਹ ਨਹੀਂ ਚਾਹੁੰਦੇ ਕਿ ਇਕਾਂਤਵਾਸ ਵਿੱਚ ਰਹਿ ਕੇ ਸੀਜਨ ਖ਼ਰਾਬ ਕੀਤਾ ਜਾਵੇ।
ਕਿਸਾਨ ਇਸ ਵੇਲੇ ਕਾਹਲੀ ਵਿੱਚ ਹਨ। ਇਹ ਕੰਬਾਈਨਾਂ ਵਾਲੇ ਜਿੱਥੇ ਵਾਢੀ ਕਰਕੇ ਆਏ ਹਨ, ਉਹ ਦੱਸਣਗੇ ਨਹੀਂ ਕਿ ਕਿਸ ਰਾਜ ਵਿੱਚ ਕਟਾਈ ਕਰ ਕੇ ਆਏ ਹਨ। ਕੁਝ ਦਿਨਾਂ ਨੂੰ ਖੇਤਾਂ ‘ਚ ਖੜ੍ਹੀ ਕਣਕ ਭੁਰਨੀ ਸ਼ੁਰੂ ਹੋ ਜਾਵੇਗੀ। ਪ੍ਰਸ਼ਾਸਨ ਕੋਲ ਕੋਈ ਅਜਿਹਾ ਤਰੀਕਾ ਵੀ ਨਹੀਂ, ਜਿਸ ਨਾਲ ਪਛਾਣ ਕੀਤੀ ਜਾ ਸਕੇ ਕਿ ਕਟਾਈ ਕਰ ਰਹੀ ਕੰਬਾਈਨ ਦਾ ਡਰਾਈਵਰ ਕਿਹੜੇ ਰਾਜ ‘ਚੋਂ ਆਇਆ ਹੈ। ਇਸ ਲਈ ਚਾਹੁੰਦਾ ਹੋਇਆ ਵੀ ਪ੍ਰਸ਼ਾਸਨ ਇਹ ਸ਼ਨਾਖ਼ਤ ਨਹੀਂ ਕਰ ਸਕੇਗਾ। ਪੰਜਾਬ ‘ਚ ਜਿੰਨੀਆਂ ਕੰਬਾਈਨਾਂ ਹਨ, ਉਨ੍ਹਾਂ ਲਈ ਪੰਜਾਬ ‘ਚ ਲੋੜੀਂਦੇ ਡਰਾਈਵਰ ਨਹੀਂ ਹਨ। ਬਾਹਰਲੇ ਰਾਜ ‘ਚੋਂ ਆਏ ਡਰਾਈਵਰ ਇਕਾਂਤਵਾਸ ਕੀਤੇ ਤਾਂ ਬਾਹਰਲੇ ਰਾਜਾਂ ‘ਚੋਂ ਆਈਆਂ ਕੰਬਾਈਨਾਂ ਚਲਾਵੇਗਾ ਕੌਣ? ਇਹ ਗੱਲ ਵੀ ਪ੍ਰਸ਼ਾਸਨ ਦੀ ਕੰਬਾਈਨ ਮਾਲਕਾਂ ਨੂੰ ਹਜ਼ਮ ਨਹੀਂ ਹੋ ਰਹੀ ਕਿ ਜਦੋਂ ਅਨਾਜ ਮੰਡੀ ਵਿੱਚ ਕਣਕ ਵਿਕਣ ਲਈ ਛੇਤੀ-ਛੇਤੀ ਜਾਣੀ ਹੀ ਨਹੀਂ ਤਾਂ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਕਟਾਈ ਦਾ ਸਮਾਂ ਅਰਥ ਕੀ ਰੱਖਦਾ ਹੈ?

You May Also Like

Leave a Reply

Your email address will not be published. Required fields are marked *