ਕਿਸਾਨਾਂ ਤੋਂ ਪਟੜੀਆਂ ਖਾਲੀ ਕਰਵਾਈਆਂ ਤਾਂ ਵੀ ਰੇਲਾਂ ਨਾ ਆਈਆਂ

ਮਾਨਸਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਅੱਗੇ ਮੋਦੀ ਸਰਕਾਰ ਦੀ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਸਾਂਝ ਤੋੜਨ ਨੂੰ ਲੈ ਕੇ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ। ਹਾਲਾਂਕਿ ਕਿਸਾਨਾਂ ਵੱਲੋਂ ਪੂੰਜੀਪਤੀਆਂ ਦੇ ਵਪਾਰਕ ਅਦਾਰਿਆਂ ਦੇ ਕੀਤੇ ਜਾ ਰਹੇ ਘਿਰਾਓ ਦੌਰਾਨ ਜਥੇਬੰਦੀ ਨੇ ਕੋਲੇ ਵਾਲੀਆਂ ਗੱਡੀਆਂ ਨੂੰ ਰਾਹ ਦੇ ਦਿੱਤਾ ਹੈ, ਇਹ ਤਾਪ ਘਰ ਹਾਲੇ ਤੱਕ ਚੱਲ ਨਹੀਂ ਸਕਿਆ ਹੈ। ਤਾਪ ਘਰ 28 ਅਕਤੂਬਰ ਤੋਂ ਬਿਜਲੀ ਪੈਦਾ ਨਹੀਂ ਕਰ ਰਿਹਾ।

ਧਰਨੇ ਮੌਕੇ ਜਥੇਬੰਦੀ ਦੇ ਆਗੂ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਫ਼ੈਸਲਿਆਂ ਤਹਿਤ ਵੱਡੀਆਂ ਕੰਪਨੀਆਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਖ਼ਰੀਦ ਕੇ ਵੱਡੇ ਖੇਤੀ ਫਾਰਮ ਬਣਾਉਣ ਦੀ ਇੱਛਾ ਲਈ ਜੋ ਵਿਉਂਤਬੰਦੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਰੋਕਣ ਲਈ ਜਥੇਬੰਦੀ ਨੇ ਅਜਿਹੇ ਧਰਨੇ ਦੇਣ ਦਾ ਨਿਰਣਾ ਲਿਆ ਹੈ। ਜਥੇਬੰਦੀ ਵੱਲੋਂ ਇਨ੍ਹਾਂ ਕੰਪਨੀਆਂ ਦੇ ਪਹਿਲਾਂ ਤੋਂ ਹੀ ਚੱਲ ਰਹੇ ਕਾਰੋਬਾਰ ਰੋਕਣ ਲਈ ਤਲਵੰਡੀ ਸਾਬੋ ਪਾਵਰ ਲਿਮਟਿਡ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਐਕਟ-2020 ਲਿਆ ਕੇ ਬਿਜਲੀ ਦਾ ਸਮੁੱਚਾ ਪ੍ਰਬੰਧ ਅਡਾਨੀਆਂ-ਅੰਬਾਨੀਆਂ ਨੂੰ ਦੇ ਦੇਵੇਗੀ, ਜਿਸ ਨਾਲ ਬਿਜਲੀ ਦੇ ਰੇਟ ਅਸਮਾਨੀ ਚੜ੍ਹ ਜਾਣਗੇ।

ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜ ’ਚ ਰੇਲ ਗੱਡੀਆਂ ਚਾਲੂ ਹੋਣ ਤੋਂ ਇੱਕ ਹਫ਼ਤੇ ਬਾਅਦ ਹੀ ਤਾਪ ਘਰ ਬਿਜਲੀ ਪੈਦਾ ਕਰਨ ਦੇ ਸਮਰੱਥ ਹੋ ਸਕੇਗਾ, ਕਿਉਂਕਿ ਉੜੀਸਾ ਅਤੇ ਬੰਦਰਗਾਹ ਤੋਂ ਕੋਲਾ ਆਉਣ ਵਿੱਚ ਇੱਕ ਹਫ਼ਤੇ ਤੋਂ ਵੱਧ ਸਮਾਂ ਲੱਗੇਗਾ। ਉਨ੍ਹਾਂ ਮੁਤਾਬਕ ਥਰਮਲ ਵਿੱਚ ਬਿਲਕੁਲ ਕੋਲਾ ਨਹੀਂ ਹੈ ਅਤੇ ਨਾ ਹੀ ਕੋਈ ਕੋਲੇ ਵਾਲੀ ਗੱਡੀ ਰਸਤੇ ਵਿੱਚ ਖੜ੍ਹੀ ਹੈ। ਹੁਣ ਨਵੇਂ ਸਿਰੇ ਤੋਂ ਡਿਮਾਂਡ ਭੇਜਣ ਮਗਰੋਂ ਹੀ ਕੋਲਾ ਆ ਸਕੇਗਾ।

You May Also Like

Leave a Reply

Your email address will not be published. Required fields are marked *