ਕੇਰਲਾ ਨੂੰ ਹੋਰਨਾਂ ਸੂਬਿਆਂ ਨਾਲੋਂ ਵੱਧ ਮਦਦ ਦੀ ਲੋੜ: ਵਿਜਿਅਨ

ਤਿਰੂਵਨੰਤਪੁਰਮ: ਕੇਰਲਾ ਦੇ ਮੁੱਖ ਮੰਤਰੀ ਪਿਨਾਰੇਈ ਵਿਜਿਅਨ ਨੇ ਅੱਜ ਕਿਹਾ ਕਿ ਕੇਰਲਾ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਤੁਲਨਾ ਕਿਸੇ ਹੋਰ ਸੂਬੇ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਤੇ ਸੂਬੇ ਦੀ ਮਦਦ ਲਈ ਪੈਮਾਨਾ ਵੱਖਰਾ ਹੋਣਾ ਚਾਹੀਦਾ ਹੈ।
ਹੜ੍ਹਾਂ ਕਾਰਨ ਕੇਰਲਾ ’ਚ ਹੋਈ ਤਬਾਹੀ ਦੇ ਅੰਕੜੇ ਦਸਦਿਆਂ ਸ੍ਰੀ ਵਿਜਿਅਨ ਨੇ ਕਿਹਾ ਕਿ ਮੁੱਢਲੇ ਅਨੁਮਾਨ ਮੁਤਾਬਕ ਰਾਜ ਵਿੱਚ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਕਿ ਸੂਬੇ ਦੇ ਵਿੱਤੀ ਸਾਲ 2018-19 ਦੀ ਯੋਜਨਾ ਦੇ ਬਰਾਬਰ ਹੈ। ਅੱਠ ਅਗਸਤ ਤੋਂ ਲਗਾਤਾਰ ਹੋ ਰਹੀ ਤੇਜ਼ ਬਰਸਾਤ ਕਾਰਨ ਕੇਰਲ ’ਚ 231 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10.40 ਲੱਖ ਤੋਂ ਵੱਧ ਲੋਕ ਰਾਹਤ ਕੈਂਪਾਂ ’ਚ ਰਹਿ ਰਹੇ ਹਨ।
ਸ੍ਰੀ ਵਿਜਿਅਨ ਨੇ ਕਿਹਾ ਕਿ ਕੇਰਲਾ ਦੀ ਮਦਦ ਦਾ ਪੈਮਾਨਾ ਵੱਖਰਾ ਹੋਣਾ ਚਾਹੀਦਾ ਹੈ ਤੇ ਇਸ ਦੇ ਹੋਏ ਨੁਕਸਾਨ ਦਾ ਮੁਕਾਬਲਾ ਦੇਸ਼ ਦੇ ਕਿਸੇ ਹੋਰ ਸੂਬੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਰਲਾ ਸੰਘਣੀ ਆਬਾਦੀ ਵਾਲਾ ਸੂਬਾ ਸੀ ਅਤੇ ਸੂਬੇ ’ਚ ਸੜਕਾਂ, ਸੰਚਾਰ ਤੇ ਹਸਪਤਾਲਾਂ ਦਾ ਸ਼ਾਨਦਾਰ ਮੁੱਢਲਾ ਢਾਂਚਾ ਸੀ ਜੋ ਕਿ ਕੁਦਰਤ ਦੀ ਕਰੋਪੀ ਕਾਰਨ ਬਰਬਾਦ ਹੋ ਗਿਆ ਹੈ, ਇਸ ਲਈ ਸੂਬੇ ਦੀ ਮਦਦ ’ਚ ਵਾਧਾ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਵੱਲੋਂ ਦਿੱਤੀ ਗਈ ਵਿੱਤੀ ਮਦਦ ਤੇ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਸੌ ਕਰੋੜ ਰੁਪਏ ਦੀ ਮਦਦ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤੀ 600 ਕਰੋੜ ਦੀ ਵਿੱਤੀ ਮਦਦ ਤੋਂ 500 ਕਰੋੜ ਰੁਪਏ ਜਲਦ ਜਾਰੀ ਕੀਤੇ ਜਾਣ।

You May Also Like

Leave a Reply

Your email address will not be published. Required fields are marked *