ਕੈਨੇਡਾ ‘ਚ ਪੁਲਸ ਨੇ ਫੜਿਆ ਪੰਜਾਬੀ ਨੌਜਵਾਨ, ਨਸ਼ੇ ਸਮੇਤ ਫੜੀਆਂ ਗੱਡੀਆਂ

ਐਬਟਸਫੋਰਡ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਪੁਲਸ ਨੇ ਇਕ ਪੰਜਾਬੀ ਨੌਜਵਾਨ ਨੂੰ ਹਿਰਾਸਤ ‘ਚ ਲਿਆ ਹੈ , ਜਿਸ ਕੋਲੋਂ ਡਰਗਜ਼, ਮੋਬਾਈਲ ਫੋਨ ਅਤੇ ਦੋ ਗੱਡੀਆਂ ਜ਼ਬਤ ਕੀਤੀਆਂ ਗਈਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ‘ਚ ਸਥਾਨਕ ਪੁਲਸ ਨੇ 19 ਸਾਲਾ ਸੁਖਜੀਤ ਮੱਲ੍ਹੀ ਨੂੰ ਹਿਰਾਸਤ ‘ਚ ਲਿਆ ਅਤੇ ਦੱਸਿਆ ਕਿ ਉਹ ਡਰਗਜ਼ ਅਤੇ ਹੋਰ ਦੋਸ਼ਾਂ ਦੇ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਇਆ ਸੀ ਅਤੇ ਉਹ ਐਬਸਟਫੋਰਡ ‘ਚ ਗੈਂਗ ਦਾ ਮੈਂਬਰ ਹੈ। ਪੁਲਸ ਨੇ ਦੱਸਿਆ ਕਿ ਜਿਸ ਸਮੇਂ ਉਸ ਨੂੰ ਹਿਰਾਸਤ ‘ਚ ਲਿਆ ਗਿਆ, ਉਸ ਸਮੇਂ ਉਸ ਕੋਲ 2,500 ਡਾਲਰ, ਕੋਕੀਨ ਅਤੇ ਫੈਂਟਾਲਿਨ ਮਿਲੀ। ਇਸ ਤੋਂ ਪਹਿਲਾਂ ਵੀ ਸੁਖਜੀਤ ਹਥਿਆਰ ਰੱਖਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਸੰਬੰਧੀ 8 ਫਰਵਰੀ ਨੂੰ ਜਾਣਕਾਰੀ ਸਾਂਝੀ ਕੀਤੀ ਗਈ।  ਐਬਟਸਫੋਰਡ ਡਰੱਗ ਇਨਫੋਰਸਮੈਂਟ ਯੂਨਿਟ ਦੇ ਸਰਜੈਂਟ ਵੀਕ ਗਾਮਬੋਆ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੰਜਾਬੀਆਂ ਦੇ ਨਾਂ ਨਸ਼ਾ ਤਸਕਰੀ ‘ਚ ਸਾਹਮਣੇ ਆ ਚੁੱਕੇ ਹਨ ਅਤੇ ਪੁਲਸ ਵੱਲੋਂ ਉਨ੍ਹਾਂ ਖਿਲਾਫ ਜਾਂਚ ਚੱਲ ਰਹੀ ਹੈ। ਪੰਜਾਬੀ ਨੌਜਵਾਨਾਂ ਦਾ ਕੁਰਾਹੇ ਪੈਣਾ ਚਿੰਤਾ ਦਾ ਵਿਸ਼ਾ ਤਾਂ ਹੈ ਪਰ ਨਾਲ ਦੇ ਨਾਲ ਪੰਜਾਬੀ ਭਾਈਚਾਰੇ ਦਾ ਨਾਂ ਵੀ ਵਿਦੇਸ਼ਾਂ ‘ਚ ਖਰਾਬ ਹੋ ਰਿਹਾ ਹੈ।
ਨਸ਼ਾ ਤਸਕਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਜਿਨ੍ਹਾਂ ‘ਤੇ ਨੱਥ ਪਾਉਣਾ ਕੈਨੇਡੀਅਨ ਸਰਕਾਰ ਲਈ ਵੱਡੀ ਚੁਣੌਤੀ ਹੈ। ਹਰ ਮਹੀਨੇ ਬਹੁਤ ਸਾਰੀਆਂ ਮੌਤਾਂ ਨਸ਼ਿਆਂ ਕਾਰਨ ਹੀ ਹੋ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ‘ਚ ਸਾਲ 2017 ‘ਚ 1400 ਤੋਂ ਵਧੇਰੇ ਮੌਤਾਂ ਸਿਰਫ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ। ਬਹੁਤ ਸਾਰੇ ਨੌਜਵਾਨ ਇਸ ਦਲਦਲ ‘ਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਨ, ਜੋ ਆਪਣੇ ਨਾਲ ਆਪਣੇ ਪਰਿਵਾਰ ਲਈ ਵੀ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਹੇ ਹਨ।

You May Also Like

Leave a Reply

Your email address will not be published. Required fields are marked *