ਕੈਨੇਡਾ ‘ਚ ਪੜ੍ਹਾਈ ਹੋਈ ਮਹਿੰਗੀ, ਪੰਜਾਬ ਦੇ ਸਟੂਡੈਂਟਸ ਦੀ ਇੰਝ ਢਿੱਲੀ ਹੋਵੇਗੀ ਜੇਬ!

ਜਲੰਧਰ— ਡਾਲਰ ਦੀ ਵਧਦੀ ਕੀਮਤ ਨੇ ਭਾਰਤੀ ਸਟੂਡੈਂਟਸ (ਵਿਦਿਆਰਥੀ) ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਸ ਦਾ ਅਸਰ ਉਨ੍ਹਾਂ ਲੋਕਾਂ ‘ਤੇ ਹੋਣ ਲੱਗਾ ਹੈ, ਜੋ ਹਰ ਸਾਲ ਆਪਣੇ ਬੱਚਿਆਂ ਦੀ ਫੀਸ ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਭੇਜਦੇ ਹਨ। ਇਸ ਸਾਲ ਜਨਵਰੀ ਤੋਂ ਹੁਣ ਤਕ ਡਾਲਰ ਭਾਰਤੀ ਕਰੰਸੀ ਦੇ ਮੁਕਾਬਲੇ ਤਕਰੀਬਨ 9 ਫੀਸਦੀ ਮਹਿੰਗਾ ਹੋ ਚੁੱਕਾ ਹੈ, ਯਾਨੀ ਵਿਦੇਸ਼ ‘ਚ ਫੀਸ ਭੇਜ ਰਹੇ ਲੋਕਾਂ ‘ਤੇ 9 ਫੀਸਦੀ ਦਾ ਵਾਧੂ ਬੋਝ ਪੈ ਗਿਆ ਹੈ। ਇਸ ਤਰ੍ਹਾਂ ਕੈਨੇਡਾ, ਆਸਟ੍ਰੇਲੀਆ ‘ਚ ਪੜ੍ਹਾਈ ਮਹਿੰਗੀ ਹੋ ਗਈ ਹੈ। ਕੈਨੇਡਾ ‘ਚ ਹਰ ਸਾਲ ਇਕੱਲੇ ਪੰਜਾਬ ਤੋਂ ਹੀ ਵੱਡੀ ਗਿਣਤੀ ‘ਚ ਵਿਦਿਆਰਥੀ ਸਟੱਡੀ ਵੀਜ਼ਾ ‘ਤੇ ਜਾ ਰਹੇ ਹਨ।
ਉੱਥੇ ਹੀ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਹਜ਼ਾਰਾਂ ‘ਚ ਹੈ। ਨਿਊਜ਼ੀਲੈਂਡ ਅਤੇ ਯੂਰਪੀ ਦੇਸ਼ਾਂ ਵੱਲ ਵੀ ਪੰਜਾਬੀ ਵਿਦਿਆਰਥੀਆਂ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕੈਨੇਡਾ ਨੇ ਹਾਲ ਹੀ ‘ਚ ਆਪਣੇ ਨਿਯਮਾਂ ‘ਚ ਬਦਲਾਅ ਕਰਦੇ ਹੋਏ ਵਿਦਿਆਰਥੀਆਂ ਨੂੰ ਪੂਰੇ ਸਾਲ ਦੀ ਫੀਸ ਇਕਮੁਸ਼ਤ ਦੇਣ ਦਾ ਹੁਕਮ ਜਾਰੀ ਕੀਤਾ ਹੈ। ਹਰ ਸਾਲ ਕਾਲਜ ਲਈ ਵਿਦਿਆਰਥੀ ਦੀ ਫੀਸ 10 ਲੱਖ ਭਾਰਤੀ ਕਰੰਸੀ ਦੇ ਨੇੜੇ-ਤੇੜੇ ਬਣਦੀ ਹੈ। ਇਸ ਦੇ ਇਲਾਵਾ ਵਿਦਿਆਰਥੀਆਂ ਨੂੰ ਕੈਨੇਡਾ ਬੈਂਕ ‘ਚ ਜੀ. ਆਈ. ਸੀ. ਖਾਤਾ ਵੀ ਖੁੱਲ੍ਹਵਾਉਣਾ ਪੈਂਦਾ ਹੈ, ਜਿਸ ‘ਚ ਪੰਜ ਲੱਖ ਭਾਰਤੀ ਕਰੰਸੀ ਕੈਨੇਡਾ ਡਾਲਰ ‘ਚ ਬਦਲ ਕੇ ਜਮ੍ਹਾ ਕਰਵਾਈ ਜਾਂਦੀ ਹੈ। ਹਾਲ ਹੀ ‘ਚ ਅਮਰੀਕੀ ਡਾਲਰ ਜਿਸ ਤੇਜ਼ੀ ਨਾਲ ਉਛਲਣ ਲੱਗਾ ਹੈ, ਉਸ ਨਾਲ ਉਨ੍ਹਾਂ ਲੋਕਾਂ ਦੀ ਚਿੰਤਾ ਵਧ ਗਈ ਹੈ ਜਿਨ੍ਹਾਂ ਦੇ ਬੱਚੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪੀ ਦੇਸ਼ਾਂ ਦੇ ਇਲਾਵਾ ਅਮਰੀਕਾ ਜਾਂ ਯੂ. ਕੇ. ‘ਚ ਪੜ੍ਹ ਰਹੇ ਹਨ।
54 ਰੁਪਏ ‘ਤੇ ਪਹੁੰਚਾ ਕੈਨੇਡਾ ਦਾ ਡਾਲਰ :
ਅਮਰੀਕੀ ਡਾਲਰ ਦੀ ਤੇਜ਼ੀ ਦਾ ਅਸਰ ਕੈਨੇਡਾ ਡਾਲਰ ‘ਤੇ ਵੀ ਪਿਆ ਹੈ। ਕੈਨੇਡਾ ਦਾ ਡਾਲਰ ਜਿੱਥੇ ਪਹਿਲਾਂ ਤਕਰੀਬਨ 50 ਰੁਪਏ ਸੀ, ਹੁਣ 54 ਰੁਪਏ ‘ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਫੀਸ ਭੇਜਣੀ ਹੈ ਤਾਂ 80 ਹਜ਼ਾਰ ਰੁਪਏ ਵਾਧੂ ਦੇਣੇ ਹੋਣਗੇ। ਉੱਥੇ ਹੀ ਜੀ. ਆਈ. ਸੀ. ਖਾਤਾ ਖੁੱਲ੍ਹਵਾਉਣ ਲਈ ਵੀ 40 ਹਜ਼ਾਰ ਵਾਧੂ ਭਰਨੇ ਪੈਣਗੇ। ਕੈਨੇਡਾ ‘ਚ ਸਤੰਬਰ, ਜਨਵਰੀ ‘ਚ ਦੋ ਵਾਰ ਦਾਖਲਾ ਹੁੰਦਾ ਹੈ। ਇਨੀਂ ਦਿਨੀਂ ਜਨਵਰੀ ਦੇ ਦਾਖਲੇ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਲੋਕਾਂ ਦਾ ਬਜਟ ਅਤੇ ਗਣਿਤ ਵਿਗੜ ਰਿਹਾ ਹੈ। ਆਸਟ੍ਰੇਲੀਆਈ ਡਾਲਰ ਦੀ ਕੀਮਤ ਵੀ 49 ਤੋਂ ਵਧ ਕੇ 52 ਰੁਪਏ ਤਕ ਪਹੁੰਚ ਗਈ ਹੈ। ਇਸ ਨਾਲ ਮੁਸ਼ਕਲ ਉਨ੍ਹਾਂ ਵਿਦਿਆਰਥੀਆਂ ਲਈ ਹੋ ਗਈ ਹੈ, ਜਿਨ੍ਹਾਂ ਦੀ ਫੀਸ ਭਾਰਤ ਤੋਂ ਜਾਂਦੀ ਹੈ ਜਾਂ ਉਹ ਦਾਖਲਾ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਹਨ।

You May Also Like

Leave a Reply

Your email address will not be published. Required fields are marked *