ਕੈਨੇਡਾ ਦੇ ਇਸ ਸੂਬੇ ‘ਚ ਪੰਜਾਬੀ ਭਾਈਚਾਰੇ ਦੀਆਂ ਸਿਹਤ ਸੇਵਾਵਾਂ ਲਈ 5 ਲੱਖ ਡਾਲਰਾਂ ਤੋਂ ਵਧ ਦੀ ਗ੍ਰਾਂਟ ਜਾਰੀ

ਕੈਲਗਰੀ— ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਨੇ ਪੰਜਾਬੀ ਭਾਈਚਾਰੇ ਦੀਆਂ ਸਿਹਤ ਸੇਵਾਵਾਂ ਲਈ 5,60, 000 ਡਾਲਰ ਦੀ ਵਿਸ਼ੇਸ਼ ਗਰਾਂਟ ਦਿੱਤੀ ਹੈ। ਓਪੀਆਈਡ ਐਮਰਜੈਂਸੀ ਰਿਸਪਾਂਸ ਕਮਿਸ਼ਨ ਦੀ ਸਿਫਾਰਸ਼ ਦੇ ਆਧਾਰ ‘ਤੇ ਸਰਕਾਰ ਨੇ ਇਹ ਫੈਸਲਾ ਲਿਆ ਹੈ। ਬ੍ਰੈਡੀ ਪੇਨੀ ਐਸੋਸੀਏਟ ਮੰਤਰੀ ਆਫ ਹੈਲਥ ਨੇ ਕਿਹਾ ਹੈ ਕਿ ਓਪੀਆਈਡ (ਡਰੱਗਜ਼) ਦੀ ਵਰਤੋਂ ਬਾਰੇ ਜਾਣਕਾਰੀ ਅਤੇ ਇਸ ਦਾ ਇਲਾਜ ਸਾਰੇ ਅਲਬਰਟਾ ਵਾਸੀਆਂ ਦੀ ਪਹੁੰਚ ਵਿਚ ਹੋਣਾ ਚਾਹੀਦਾ ਹੈ । ਸਰਕਾਰ ਸਾਰੇ ਭਾਈਚਾਰਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਵਿਚ ਹੈ। ਪੰਜਾਬੀ ਭਾਈਚਾਰੇ ਦੀਆਂ ਸਿਹਤ ਸੇਵਾਵਾਂ ਦੱਖਣ ਏਸ਼ੀਆਈ ਸ਼ਹਿਰੀਆਂ ਤੇ ਅਲਬਰਟਾ ਸਿਹਤ ਪ੍ਰਣਾਲੀ ਵਿਚਾਲੇ ਪੁਲ ਦਾ ਕੰਮ ਕਰਨਗੀਆਂ।ਨਸ਼ਿਆਂ ਦੀ ਦਲਦਲ ‘ਚ ਫਸ ਰਹੇ ਨੌਜਵਾਨਾਂ ਨੂੰ ਜੀਵਨ ਦੀ ਸੇਧ ਦੇਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸੰਬੰਧਤ ਵਿਅਕਤੀ ਖੁਦ ਤਬਾਹ ਹੋ ਜਾਂਦਾ ਹੈ ,ਜਿਸ ਨਾਲ ਪਰਿਵਾਰ ਤੇ ਭਾਈਚਾਰੇ ਨੂੰ ਦੁੱਖ ਹੁੰਦਾ ਹੈ। ਕੈਬਨਿਟ ਮੰਤਰੀ ਇਰਫਾਨ ਸਾਬਰ ਨੇ ਕਿਹਾ ਕਿ ਇਸ ਫੰਡ ਨਾਲ ਇਸ ਮੁਸ਼ਕਲ ਗੱਲਬਾਤ ਦਾ ਰਾਹ ਖੁੱਲ੍ਹੇਗਾ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਵੇਗੀ, ਜਿਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ।
ਜ਼ਿਕਰਯੋਗ ਹੈ ਕਿ ਪੰਜਾਬੀ ਭਾਈਚਾਰੇ ਲਈ ਸਿਹਤ ਸੇਵਾਵਾਂ ਜੈਨੇਸਿਸ ਸੈਂਟਰ ਵਿਚ ਚਲਾਈਆਂ ਜਾਂਦੀਆਂ ਹਨ ਜਿੱਥੇ ਖਤਰਨਾਕ ਪਦਾਰਥ ਦੀ ਵਰਤੋਂ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਉਕਤ ਸਹਾਇਤਾ ਨਾਲ ਜੈਨਸਿਸ ਸੈਂਟਰ ਵਿਖੇ ਦੋ ਨਵੇਂ ਮੈਨੇਜਰ ਰੱਖੇ ਜਾਣਗੇ ਜੋ ਪੰਜਾਬੀ, ਹਿੰਦੀ, ਉਰਦੂ ਤੇ ਹੋਰ ਦੱਖਣੀ ਏਸ਼ੀਅਨ ਭਾਸ਼ਾਵਾਂ ‘ਚ ਮਰੀਜ਼ਾਂ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਨੂੰ ਇਕ ਮਾਹਿਰ ਵਜੋਂ ਆਪਣੀ ਸਲਾਹ ਦੇਣਗੇ ।
2016 ਦੀ ਮਰਦਮਸ਼ੁਮਾਰੀ ਅਨੁਸਾਰ ਕੈਲਗਰੀ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 27000 ਤੇ ਉਰਦੂ ਬੋਲਣ ਵਾਲਿਆਂ ਦੀ ਗਿਣਤੀ 10600 ਸੀ। ਸਮੁੱਚੇ ਰਾਜ ਵਿਚ ਡਰੱਗ ਨਾਲ ਸੰਬੰਧਤ ਇਲਾਜ ਅਤੇ ਸੇਵਾਵਾਂ ਦੇਣ ਲਈ ਸਰਕਾਰ ਵਲੋਂ ਇਸ ਸਬੰਧੀ ਜਾਣਕਾਰੀ ਪੰਜਾਬੀ ਤੇ ਉਰਦੂ ਸਮੇਤ 10 ਭਾਸ਼ਾਵਾਂ ਵਿਚ ਦਿੱਤੀ ਜਾਂਦੀ ਹੈ । ਇਸ ਸਮੇਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਬੋਰਡ ਦੀ ਚੇਅਰ ਰਾਵੀ ਨੱਤ, ਰੁਪਿੰਦਰ ਹੇਅਰ ਰਜਿਸਟਰਡ ਮਨੋਵਿਗਿਆਨੀ ਆਪਰੇਸ਼ਨ ਦੇ ਮੈਨੇਜਰ, ਪੰਜਾਬੀ ਕਮਿਊਨਿਟੀ ਹੈਲਥ ਸੇਵਾਵਾਂ, ਆਤੀਆ ਅਸ਼ਨਾ, ਰੂਪ ਰਾਏ ਤੇ ਹੋਰ ਭਾਈਚਾਰਿਆਂ ਦੇ ਲੋਕ ਹਾਜ਼ਰ ਸਨ।

You May Also Like

Leave a Reply

Your email address will not be published. Required fields are marked *