ਕੈਨੇਡੀਅਨ ਲੋਕਾਂ ‘ਚ ਟਰੂਡੋ ਪ੍ਰਤੀ ਘਟਿਆ ਪਿਆਰ, ਖੁਦ ਦੀਆਂ ਗਲਤੀਆਂ ਪਈਆਂ ਭਾਰੀ

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਦੌਰੇ ਦੌਰਾਨ ਕੀਤੀਆਂ ਗਲਤੀਆਂ ਹੁਣ ਉਨ੍ਹਾਂ ‘ਤੇ ਹੀ ਭਾਰੀ ਪੈ ਰਹੀਆਂ ਹਨ। ਦਰਅਸਲ ਸਾਲ 2015 ਵਿਚ ਚੋਣਾਵੀ ਜਿੱਤ ਤੋਂ ਬਾਅਦ ਪੋਲ ਵਿਚ ਪਹਿਲੀ ਵਾਰ ਟਰੂਡੋ ਦੀ ਲੋਕਪ੍ਰਿਅਤਾ ‘ਚ ਵੱਡੀ ਗਿਰਾਵਟ ਆਈ ਹੈ, ਜਦਕਿ ਵਿਰੋਧੀ ਪਾਰਟੀਆਂ ਮਜ਼ਬੂਤ ਹੋ ਰਹੀਆਂ ਹਨ। ਇਕ ਪੋਲ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 37.7 ਫੀਸਦੀ ਵੋਟਾਂ ਮਿਲੀਆਂ ਹਨ, ਜਦਕਿ ਸੱਤਾਧਾਰੀ ਲਿਬਰਲ ਪਾਰਟੀ ਨੂੰ ਸਿਰਫ 33.7 ਫੀਸਦੀ। ਉੱਥੇ ਹੀ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਰੁਝਾਨ 18.5 ਫੀਸਦੀ ਰਿਹਾ।
ਕੈਨੇਡਾ ਦੇ ਲੋਕਾਂ ਦਾ ਮੰਨਣਾ ਹੈ ਕਿ ਇਕ ਨਵੀਂ ਸੋਚ ਵਾਲੇ ਰਾਜਨੇਤਾ ਵਜੋਂ ਜਾਣੇ ਜਾਂਦੇ ਜਸਟਿਨ ਟਰੂਡੋ ਅਤੇ ਕੈਨੇਡਾ ਵਰਗੇ ਮੁਲਕ ਨੂੰ ਕੌਮਾਂਤਰੀ ਪੱਧਰ ਉੱਤੇ ਨਮੋਸ਼ੀ ਝੱਲਣੀ ਪਈ। ਲੋਕ ਹੁਣ ਸਵਾਲ ਚੁੱਕਣ ਲੱਗੇ ਹਨ ਕਿ ਕੀ ਟਰੂਡੋ ਪ੍ਰਧਾਨ ਮੰਤਰੀ ਅਹੁਦੇ ਲਈ ਸਹੀ ਵਿਅਕਤੀ ਹਨ? ਟਰੂਡੋ ਦੇ ਇਕ ਆਲੋਚਕ ਲੇਖਕ ਦਾ ਕਹਿਣਾ ਹੈ ਕਿ ਟੂਰਡੋ ਲੁਭਾਉਂਦੇ ਜ਼ਿਆਦਾ ਹਨ, ਜਦਕਿ ਉਨ੍ਹਾਂ ‘ਚ ਬੁੱਧੀ ਘੱਟ ਹੈ।

ਜ਼ਿਕਰਯੋਗ ਹੈ ਕਿ ਫਰਵਰੀ 2018 ਵਿਚ ਟਰੂਡੋ ਤਕਰੀਬਨ ਇਕ ਹਫਤੇ ਦੇ ਭਾਰਤ ਦੌਰੇ ‘ਤੇ ਸਨ, ਜਿਸ ਦੌਰਾਨ ਉਨ੍ਹਾਂ ਵਲੋਂ ਕੀਤੀਆਂ ਗਈਆਂ ਗਲਤੀਆਂ ਉਨ੍ਹਾਂ ਦੀ ਲੋਕਪ੍ਰਿਅਤਾ ਵਿਚ ਗਿਰਾਵਟ ਦਾ ਕਾਰਨ ਬਣੀਆਂ ਹਨ। ਭਾਰਤ ਦੌਰੇ ਦੌਰਾਨ ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਆਲੋਚਨਾ ਹੋਈ। ਅਮਰੀਕਾ ਅਤੇ ਬ੍ਰਿਟਿਸ਼ ਮੀਡੀਆ ਸਮੇਤ ਦੁਨੀਆ ਭਰ ਵਿਚ ਟਰੂਡੋ ਦੇ ਇਸ ਦੌਰੇ ਦੀ ਕਈ ਕਾਰਨ ਤੋਂ ਆਲੋਚਨਾ ਕੀਤੀ ਗਈ। ਕੋਈ ਕਹਿ ਰਿਹਾ ਸੀ ਕਿ ਟਰੂਡੋ ਆਪਣੇ ਪਰਿਵਾਰ ਨਾਲ ਭਾਰਤ ‘ਚ ਛੁੱਟੀਆਂ ਮਨਾਉਣ ਆਏ ਹਨ ਅਤੇ ਕਿਸੇ ਦਾ ਕਹਿਣਾ ਸੀ ਕਿ ਉਹ ਕਿਸੇ ਬਾਲੀਵੁੱਡ ਫਿਲਮ ਦਾ ਹਿੱਸਾ ਹਨ। ਇਸ ਤੋਂ ਇਲਾਵਾ ਜਿਸ ਕਰ ਕੇ ਆਲੋਚਨਾ ਹੋਈ ਅਤੇ ਟਰੂਡੋ ਚਾਰੋਂ ਪਾਸੇ ਘਿਰ ਗਏ, ਉਹ ਸੀ ਖਾਲਿਸਤਾਨੀ ਸਮਰਥਕ ਜਸਵਾਲ ਅਟਵਾਲ ਦਾ ਮੁੰਬਈ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਘਟਨਾ। ਇੱਥੇ ਦੱਸ ਦੇਈਏ ਕਿ ਟਰੂਡੋ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਅਤੇ ਉਹ ਲਿਬਰਲ ਪਾਰਟੀ ਦੇ ਨੇਤਾ ਹਨ। ਟਰੂਡੋ 2015 ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ।

You May Also Like

Leave a Reply

Your email address will not be published. Required fields are marked *