ਕੈਪਟਨ ਅਮਰਿੰਦਰ ਨੇ ਪਰਵਾਸੀ ਕਾਮਿਆਂ ਦੇ ਸੰਕਟ ਲਈ ਕੇਂਦਰ ਸਰਕਾਰ ਉੱਤੇ ਜਿ਼ਮੇਵਾਰੀ ਸੁੱਟੀ

ਚੰਡੀਗੜ੍ਹ, 17 ਮਈ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪਰਵਾਸੀ ਮਜ਼ਦੂਰਾਂ ਦੇ ਮੁੱਦੇ ਉੱਤੇ ਕਾਂਗਰਸ ਪਾਰਟੀ ਦੀ ਪਹੁੰਚ ਦੀ ਨਿਖੇਧੀ ਕਰਨ ਉੱਤੇ ਸਖ਼ਤ ਇਤਰਾਜ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਮਜ਼ਦੂਰਾਂ ਦੇ ਸੰਕਟ ਨੂੰ ਹੋਰ ਡੂੰਘਾ ਧੱਕਣ ਅਤੇ ਅਜਿਹੇ ਗੰਭੀਰ ਮੁੱਦੇ ਦੇ ਸਿਆਸੀਕਰਨ ਲਈ ਕੇਂਦਰ ਅਤੇ ਰਾਜਾਂ ਦੀਆਂ ਭਾਜਪਾ ਸਰਕਾਰਾਂ ਨੂੰ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਆਖਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਰਾਜਾਂ ਸਮੇਤ ਸਾਰੀ ਪਾਰਟੀ ਸੰਕਟ ਦੇ ਵਕਤ ਪਰਵਾਸੀ ਕਾਮਿਆਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੀ ਹੈ ਤੇ ਪੰਜਾਬ ਸਰਕਾਰ 16 ਮਈ ਤੱਕ 1,78,909 ਲੋਕਾਂ ਨੂੰ ਉਨ੍ਹਾਂ ਦੇ ਰਾਜਾਂ ਨੂੰ ਭੇਜਣ ਲਈ 149 ਰੇਲ ਗੱਡੀਆਂ ਦਾ ਪ੍ਰਬੰਧ ਕਰ ਚੁੱਕੀ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਇਸ ਟਿੱਪਣੀ ਕਿ ਸੋਨੀਆ ਗਾਂਧੀ ਨੂੰ ਪਰਵਾਸੀ ਕਾਮਿਆਂ ਦੀ ਮਦਦ ਕਰਨ ਲਈ ਆਪਣੇ ਮੁੱਖ ਮੰਤਰੀਆਂ ਨੂੰ ਕਹਿਣਾ ਚਾਹੀਦਾ ਹੈ, ਉੱਤੇ ਪ੍ਰਤੀਕਰਮ ਦੇਂਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਇਸ ਬਾਰੇ ਲਾਕਡਾਊਨ ਤੇ ਕੋਵਿਡ ਨਾਲ ਸਬੰਧਤ ਹੋਰ ਗੱਲਾਂ ਬਾਰੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਲਗਾਤਾਰ ਵਿਚਾਰ-ਵਟਾਂਦਰਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਿਰਮਲਾ ਸੀਤਾਰਮਨ ਦੀ ਉਸ ਟਿੱਪਣੀ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਤੇ ਬੇਲੋੜੀ ਕਿਹਾ, ਜਿਸ ਵਿੱਚ ਵਿੱਤ ਮੰਤਰੀ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਪਰਵਾਸੀ ਮਜ਼ਦੂਰਾਂ ਨੂੰ ਮਿਲਣ ਮੌਕੇ ਉਨ੍ਹਾਂ ਦੇ ਨਾਲ ਚੱਲਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਸਾਰ ਲੈਣ ਲਈ ਸੜਕਾਂ ਉੱਤੇ ਉਤਰੇ ਰਾਹੁਲ ਗਾਂਧੀ ਉੱਤੇ ਤਨਜ ਕੱਸਣ ਦੀ ਥਾਂ ਨਿਰਮਲਾ ਸੀਤਾਰਮਨ ਨੂੰ ਭਾਜਪਾ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਨਾਲ ਗੱਲ ਕਰਕੇ ਪ੍ਰਿਅੰਕਾ ਗਾਂਧੀ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਈ ਦਿੱਤੀਆਂ ਬੱਸਾਂ ਨੂੰ ਦਾਖਲੇ ਦੀ ਆਗਿਆ ਦਿਵਾਉਣੀ ਚਾਹੀਦੀ ਹੈ, ਕਿਉਂਕਿ ਉੱਤਰ ਪ੍ਰਦੇਸ਼ ਸਰਕਾਰ ਵਲੋਂ ਇਨ੍ਹਾਂ ਬੱਸਾਂ ਨੂੰ ਆਉਣ ਦੀ ਆਗਿਆ ਨਾ ਦੇਣ ਕਰ ਕੇ ਇਹ ਦਿੱਲੀ-ਯੂ ਪੀ ਬਾਰਡਰ ਉੱਤੇ ਰੁਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਕਾਂਗਰਸੀ ਮੁੱਖ ਮੰਤਰੀ, ਆਗੂ ਤੇ ਵਰਕਰ ਇਹ ਯਕੀਨੀ ਕਰਨ ਲੱਗੇ ਹੋਏ ਹਨ ਕਿ ਦੁੱਖ ਦੀ ਘੜੀ ਵਿੱਚ ਪਰਵਾਸੀ ਮਜ਼ਦੂਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ, ਪਰ ਕੇਂਦਰ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਕਿਸਮਤ ਉੱਤੇ ਛੱਡਿਆ ਹੋਇਆ ਹੈ।

You May Also Like

Leave a Reply

Your email address will not be published. Required fields are marked *