ਕੈਪਟਨ ਅਮਰਿੰਦਰ ਵੱਲੋਂ ਮੋਦੀ ਨੂੰ ਜਵਾਬ: ‘ਜੇ ਕੋਈ ਤੁਹਾਡਾ ਨਾਂ ਗੋਧਰਾ ਕਾਂਡ ਨਾਲ ਜੋੜੇ ਤਾਂ ਫੇਰ’

ਜਲੰਧਰ:  ਪ੍ਰਧਾਨ ਮੰਤਰੀ ਵੱਲੋਂ ਸਾਲ 1984 ਦੇ ਦੰਗਿਆਂ ਨਾਲ ਰਾਜੀਵ ਗਾਂਧੀ ਦਾ ਨਾਂ ਜੋੜਨ ਦੀ ਕੀਤੀ ਗਈ ਕੋਸ਼ਿਸ਼ ’ਤੇ ਤਿੱਖਾ ਇਤਰਾਜ਼ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਮੌਕੇ ਗੋਧਰਾ ਕਤਲੇਆਮ ਨਾਲ ਤੁਲਨਾ ਕਰਕੇ ਗੇਂਦ ਮੁੜ ਨਰਿੰਦਰ ਮੋਦੀ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਇਹ ਗੋਧਰਾ ਕਤਲੇਆਮ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਦੇ ਸਮੇਂ ਦੌਰਾਨ ਵਾਪਰਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਰਾਜੀਵ ਗਾਂਧੀ ਨੂੰ ਜੋੜਨਾ ਬਿਲਕੁਲ ਗਲਤ ਹੈ।ਉਨਾਂ ਨੇ ਇਹ ਪ੍ਰਗਟਾਵਾ ਅੱਜ ਦੁਪਹਿਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨਾਂ ਕਿਹਾ, ‘‘ਜੇ ਕੋਈ ਮੋਦੀ ਨੂੰ ਗੋਧਰਾ ਨਾਲ ਜੋੜਨਾ ਸ਼ੁਰੂ ਕਰ ਦੇਵੇ ਤਾਂ ਕੀ ਹੋਵੇਗਾ? ਉਨਾਂ ਕਿਹਾ ਕਿ ਚੋਣਾਂ ਜਿੱਤਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਪੱਧਰ ਤੱਕ ਨਹੀਂ ਜਾਣਾ ਚਾਹੀਦਾ।
1984 ਦੇ ਦੰਗਿਆਂ ਦੇ ਸਬੰਧ ਵਿੱਚ ਕਾਂਗਰਸੀ ਆਗੂ ਸੈਮ ਪਿਤਰੋਦਾ ਵੱਲੋਂ ਕੀਤੀ ਗਈ ਵਿਵਾਦਪੂਰਣ ਟਿੱਪਣੀ ਦੇ ਨਾਲ ਮੁੱਖ ਮੰਤਰੀ ਨੇ ਅਸਹਿਮਤੀ ਪ੍ਰਗਟ ਕੀਤੀ। ਇਸ ਵਿੱਚ ਪਿਤਰੋਦਾ ਨੇ ਕਿਹਾ ਸੀ ਕਿ ‘‘ਜੇ 1984 ਦੇ ਦੰਗੇ ਵਾਪਰੇ ਹਨ, ਤਾਂ ਵਾਪਰੇ ਹਨ, ਫੇਰ ਕੀ’’। ਉਨਾਂ ਕਿਹਾ ਕਿ ਜੇ ਪਿਤਰੋਦਾ ਨੇ ਇਹ ਗੱਲ ਕਹੀ ਹੈ ਤਾਂ ਇਹ ਬਹੁਤ ਜ਼ਿਆਦਾ ਦੁਖਦਾਈ ਹੈ। ਮੁੱਖ ਮਤੰਰੀ ਨੇ ਕਿਹਾ ਕਿ 1984 ਦੇ ਦੰਗੇ ਇਕ ਬਹੁਤ ਵੱਡਾ ਦੁਖਾਂਤ ਸੀ ਅਤੇ ਪੀੜਤਾਂ ਨੂੰ ਅਜੇ ਤੱਕ ਨਿਆਂ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਜੇ ਕੁਝ ਆਗੂ ਵਿਅਕਤੀਗਤ ਰੂਪ ਵਿਚ ਇਨ੍ਹਾਂ ਦੰਗਿਆਂ ਵਿੱਚ ਸ਼ਾਮਲ ਸਨ ਤਾਂ ਉਨਾਂ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋ ਦੇ ਇਹ ਦੰਗੇ ਵਾਪਰੇ ਹਨ, ਉਹ ਉਦੋ ਤੋਂ ਹੀ ਇਹ ਕਹਿ ਰਹੇ ਹਨ ਉਨ੍ਹਾਂ ਨੇ ਸੱਜਣ ਕੁਮਾਰ, ਐਚ.ਕੇ.ਐਲ ਭਗਤ, ਧਰਮਦਾਸ ਸ਼ਾਸਤਰੀ, ਲਲਿਤ ਮਾਕਨ ਅਤੇ ਅਰਜਨ ਦਾਸ ਦੀ ਇਸ ਵਿੱਚ ਸ਼ਮੂਲੀਅਤ ਦੇ ਲੋਕਾਂ ਦੁਆਰਾ ਲਾਏ ਦੋਸ਼ਾਂ ਨੂੰ ਸੁਣਿਆ ਹੈ। ਉਹ ਉਦੋਂ ਤੋਂ ਹੀ ਇਸੇ ਬਿਆਨ ’ਤੇ ਖੜ੍ਹੇ ਹਨ।

You May Also Like

Leave a Reply

Your email address will not be published. Required fields are marked *