ਕੈਪਟਨ ਦੀਆਂ ਕਮਜ਼ੋਰੀਆਂ ਕਰਕੇ ਪੰਜਾਬ ਦੀ ਬਾਂਹ ਮਰੋੜ ਰਿਹੈ ਕੇਂਦਰ: ਭਗਵੰਤ ਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪੰਜਾਬ ਦੀ ਬਾਂਹ ਮਰੋੜਣ ਦੇ ਦੋਸ਼ ਲਾਏ ਹਨ। ਸ੍ਰੀ ਮਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਰੇਲ ਪਟੜੀਆਂ ਖ਼ਾਲੀ ਕਰਨਾ ਸਾਕਾਰਾਤਮਕ ਕਦਮ ਹੈ ਪਰ ਕੇਂਦਰ ਸਰਕਾਰ ਦੀ ਟਕਰਾਅ ਦੀ ਨੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਕਮਜ਼ੋਰੀਆਂ ਮਸਲੇ ਨੂੰ ਹੋਰ ਗੁੰਝਲਦਾਰ ਬਣਾ ਰਹੀਆਂ ਹਨ।

‘ਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਮਰਿੰਦਰ ਸਿੰਘ ਨੂੰ ‘ਸ਼ਾਹੀ ਫਾਰਮ ਹਾਊਸ’ ਦੀ ਥਾਂ ਦਿੱਲੀ ਬੈਠ ਕੇ ਪ੍ਰਧਾਨ ਮੰਤਰੀ, ਰੇਲ ਮੰਤਰੀ, ਖੇਤੀ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਨਾ ਕੇਵਲ ਰੇਲਾਂ-ਮਾਲ ਗੱਡੀਆਂ ਦਾ ਮਸਲਾ ਹੱਲ ਕਰਾਉਂਦੇ ਸਗੋਂ ਕਿਸਾਨਾਂ ਲਈ ਐੱਮਐੱਸਪੀ ’ਤੇ ਖ਼ਰੀਦ ਦੀ ਗਰੰਟੀ ਲੈਂਦੇ ਪਰ ਕੈਪਟਨ ਨਿੱਤ ਨਵੀਂ ਡਰਾਮੇਬਾਜ਼ੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾ ਰਹੇ ਹਨ ਅਤੇ ਮੋਦੀ ਦੀ ਕਠਪੁਤਲੀ ਬਣੇ ਹੋਏ ਹਨ। ਸ੍ਰੀ ਮਾਨ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਕੈਪਟਨ ਖ਼ੁਦ ਪ੍ਰਧਾਨ ਮੰਤਰੀ ਜਾਂ ਰੇਲ ਮੰਤਰੀ ਨੂੰ ਮਿਲਣ ਦੀ ਥਾਂ ਆਪਣੇ ਸੰਸਦ ਮੈਂਬਰ ਨੂੰ ਭੇਜ ਕੇ ਖਾਨਾਪੂਰਤੀ ਕਰ ਰਹੇ ਹਨ ਅਤੇ ਮਸਲੇ ਨੂੰ ਲਟਕਾ ਰਹੇ ਹਨ ਤਾਂ ਕਿ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ। ਜਦਕਿ ਕਾਂਗਰਸੀ ਸੰਸਦ ਮੈਂਬਰਾਂ ਦੀਆਂ ਇਸ ਤੋਂ ਪਹਿਲਾਂ ਹੋਈਆਂ ਸਾਰੀਆਂ ਬੈਠਕਾਂ ਪੂਰੀ ਤਰ੍ਹਾਂ ਬੇਸਿੱਟਾ ਰਹੀਆਂ ਹਨ।

You May Also Like

Leave a Reply

Your email address will not be published. Required fields are marked *