ਕੈਲਗਰੀ ਦੀ ਲਾਪਤਾ ਮਹਿਲਾ ਤੇ ਉਸ ਦੀ ਬੱਚੀ ਦੀਆਂ ਲਾਸ਼ਾਂ ਮਿਲੀਆਂ

ਕੈਲਗਰੀ: ਲੰਮੀਂ ਤੇ ਗੁੰਝਲਦਾਰ ਜਾਂਚ ਤੋਂ ਬਾਅਦ ਕੈਲਗਰੀ ਪੁਲਿਸ ਨੂੰ ਯਕੀਨ ਹੈ ਕਿ ਉਨ੍ਹਾਂ ਨੂੰ ਜਿਹੜੀਆਂ ਲਾਸ਼ਾਂ ਮਿਲੀਆਂ ਹਨ ਉਹ ਲਾਪਤਾ ਮਹਿਲਾ ਤੇ ਉਸ ਦੀ 22 ਮਹੀਨਿਆਂ ਦੀ ਧੀ ਦੀਆਂ ਹੀ ਹਨ।
ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਆਖਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਕੈਲਗਰੀ ਵਿੱਚ ਗ੍ਰਿਜ਼ਲੀ ਕ੍ਰੀਕ ਨੇੜੇ ਸਵੇਰੇ 4:00 ਵਜੇ ਦੇ ਆਸ-ਪਾਸ ਜੰਗਲੀ ਇਲਾਕੇ ਵਿੱਚੋਂ ਦੋ ਲਾਸ਼ਾਂ ਮਿਲੀਆਂ, ਜੋ ਕਿ 25 ਸਾਲਾ ਜੈਸਮੀਨ ਲੋਵੇਟ ਤੇ ਉਸ ਦੀ ਧੀ ਆਲੀਆਹ ਸੈਂਡਰਸਨ ਦੀਆਂ ਲੱਗਦੀਆਂ ਹਨ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਦੋ ਹਫਤੇ ਪਹਿਲਾਂ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਸੀ ਤੇ ਹੁਣ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੋਵਾਂ ਮ੍ਰਿਤਕਾਂ ਦੇ ਸਬੰਧ ਵਿੱਚ ਉਸ ਉੱਤੇ ਸੈਕਿੰਡ ਡਿਗਰੀ ਮਰਡਰ ਦੇ ਚਾਰਜਿਜ਼ ਲਾਏ ਗਏ ਹਨ।
ਸਟਾਫ ਸਾਰਜੈਂਟ ਮਾਰਟਿਨ ਸਿ਼ਆਵੇਟਾ ਨੇ ਸੋਮਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਇਹ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਸਿ਼ਆਵੇਟਾ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਸ਼ਕੂਕ ਤੇ ਲੋਵੇਟ ਦੇ ਨਜ਼ਦੀਕੀ ਸਬੰਧ ਸਨ ਤੇ ਕਤਲ ਘਰੇਲੂ ਮਾਮਲਿਆਂ ਕਾਰਨ ਹੀ ਹੋਏ ਹਨ। ਜਿ਼ਕਰਯੋਗ ਹੈ ਕਿ ਲੋਵੇਟ ਤੇ ਆਲੀਆਹ 16 ਅਪਰੈਲ ਤੋਂ ਹੀ ਲਾਪਤਾ ਸਨ। ਪਰ ਪਰਿਵਾਰ ਦੇ ਡਿਨਰ ਵਿੱਚ ਨਾ ਪਹੁੰਚਣ ਕਾਰਨ ਇੱਕ ਹਫਤੇ ਬਾਅਦ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਈ ਗਈ।
ਸਿ਼ਆਵੇਟਾ ਨੇ ਆਖਿਆ ਕਿ ਪੁਲਿਸ ਨੂੰ ਲੱਗਦਾ ਹੈ ਕਿ ਲੋਵੇਟ ਤੇ ਆਲੀਆਹ ਨੂੰ 16 ਅਪਰੈਲ ਨੂੰ ਹੀ ਦੇਰ ਰਾਤ ਮਾਰ ਮੁਕਾਇਆ ਗਿਆ ਜਾਂ ਫਿਰ 17 ਅਪਰੈਲ ਨੂੰ ਸਵੇਰੇ ਉਨ੍ਹਾਂ ਦਾ ਕਤਲ ਕੀਤਾ ਗਿਆ। ਇਹ ਕਤਲ 17 ਤੇ 20 ਅਪਰੈਲ ਦਰਮਿਆਨ ਉਨ੍ਹਾਂ ਨੂੰ ਗ੍ਰਿਜ਼ਲੀ ਕ੍ਰੀਕ ਲਿਜਾਏ ਜਾਣ ਤੋਂ ਪਹਿਲਾਂ ਕੀਤੇ ਗਏ। ਇੱਕ ਬਿਆਨ ਵਿੱਚ ਲੋਵੇਟ ਪਰਿਵਾਰ ਨੇ ਜੈਸਮੀਨ ਤੇ ਆਲੀਆਹ ਦੀਆਂ ਲਾਸ਼ਾਂ ਲੱਭ ਲਏ ਜਾਣ ਉੱਤੇ ਕੈਲਗਰੀ ਪੁਲਿਸ ਸਰਵਿਸ ਤੇ ਜਨਤਾ ਦਾ ਸੁ਼ਕਰੀਆ ਅਦਾ ਕੀਤਾ।

You May Also Like

Leave a Reply

Your email address will not be published. Required fields are marked *