ਕੋਠੇ ਚੜ੍ਹ ਕੇ ਵੇਖਿਓ, ਅਸੀਂ ਖੜ੍ਹਾਂਗੇ ਕੰਧ ਬਣ ਕੇ…

ਬਠਿੰਡਾ: ਮਿੱਤਰੋ ! ਅਸੀਂ ਲੜਾਂਗੇ, ਮੌਰਾਂ ’ਤੇ ਚੜ੍ਹਕੇ, ਅਸੀਂ ਖੜ੍ਹਾਂਗੇ, ਕੰਧ ਬਣ ਕੇ, ਅਸੀਂ ਖੁੱਭਾਂਗੇ, ਖੰਜਰ ਬਣ ਕੇ। ਨਾ ਲਿਫਣਾ ਹੈ ਤੇ ਨਾ ਝਿਪਣਾ। ਬੱਸ ਥੋੜਾ ਸਮਾਂ ਤਾਂ ਦੇ ਦਿਓ, ਮੰਜੇ ’ਚੋਂ ਉੱਠ ਖੜ੍ਹਾ ਹੋਵਾਂ। ਬਿਮਾਰੀ ਨੇ ਲੱਕ ਨਹੀਂ, ਰੀੜ੍ਹ ਦੀ ਹੱਡੀ ਤੋੜੀ, ਉਪਰੋਂ ਬਾਪ ਦਾ ਵਿਗੋਚਾ। ਮੰਗਤ ਤਾਂ ਨਿੱਤ ਹੀ ਜੰਗ ਲੜਦੈ। ਪੱਕਾ ਚਿਸ਼ਤੀ ਸਰਹੱਦ ਨਾਲ ਖਹਿੰਦਾ ਪਿੰਡ ਹੈ। ਭੈਣ ਦਾ ਵਿਆਹ ਰੱਖਿਆ। ਉਪਰੋਂ ਹੁਕਮ ਆਏ, ਖਾਲੀ ਕਰੋ ਪਿੰਡ। ਢਾਈ ਵਰ੍ਹੇ ਪਹਿਲਾਂ ਦੀ ਗੱਲ ਹੈ। ਜਦੋਂ ਸਰਜੀਕਲ ਹਮਲਾ ਹੋਇਆ। ਪਿਓ ਗੁਰਦੇਵ ਸਿਓਂ, ਪੁੱਤ ਮੰਗਤ ਦਾ ਮੰਜਾ ਫ਼ਾਜ਼ਿਲਕਾ ਕੈਂਪ ’ਚ ਚੁੱਕ ਲਿਆਇਆ। ਫਿਰ ਬਾਪ ਦੇ ਅੱਥਰੂ ਧੀ ਦੇ ਮਹਿੰਦੀ ਵਾਲੇ ਹੱਥਾਂ ’ਤੇ ਡਿੱਗੇ। ਬਾਪ ਦੀ ਅਰਥੀ ਕੈਂਪ ’ਚੋਂ ਉੱਠੀ। ਪਿੰਡ ਖਾਲੀ ਸੀ, ਸਿਵਾ ਬਲ ਰਿਹਾ ਸੀ।
ਗੁਰਦੇਵ ਦਾ ਘਰ ਸਦਾ ਲਈ ਖਾਲੀ ਹੋ ਗਿਆ। ਤਿੰਨੋਂ ਧੀਆਂ ਦੇ ਵਿਆਹ ਪਿੰਡ ਨੇ ਕੀਤੇ। ਪੁੱਤ ਦੀ ਬਿਮਾਰੀ ’ਚ ਸਭ ਕੁਝ ਵਿਕ ਗਿਆ। ਢਾਈ ਏਕੜ ਜ਼ਮੀਨ ਬਚੀ ਹੈ, ਉਸ ਤੋਂ ਵੱਡਾ ਕਰਜ਼ਾ। ਮਾਂ ਪੁੱਤ ਪਿੰਡੋਂ ਚਲੇ ਗਏ ਨੇ। ਸਿਆਸੀ ਸੁਥਰੇ ਥੋੜਾ ਰੁੱਝੇ ਹੋਏ ਹਨ, ਚੋਣਾਂ ਦਾ ਕੀ ਪਤੈ। ਕਦੋਂ ਬਿਗਲ ਵੱਜ ਜਾਵੇ। ਮਾਂ-ਪੁੱਤ ਵੋਟ ਵੀ ਪਾਉਣਗੇ ਤੇ ਲੜਨਗੇ ਵੀ। ਬੱਸ ਬਿਮਾਰੀ ਤੋਂ ਵਿਹਲੇ ਹੋ ਜਾਣ। ਬਰਨਾਲੇ ਦੇ ਪਿੰਡ ਬੀਹਲਾ ਦੇ ਬਜ਼ੁਰਗ ਜਸਪਾਲ ਸਿੰਘ ਦਾ ਵੀ ਖ਼ੂਨ ਖੌਲਿਆ। ਆਖ਼ਰੀ ਸਾਹ ਤੱਕ ਲੜਨਾ ਚਾਹੁੰਦੈ। ਦੁੱਖਾਂ ਦਾ ਏਰੀਆ ਕਮਾਂਡਰ ਜੋ ਹੋਇਆ। ਪਤਨੀ ਦਾ ਕੈਂਸਰ, ਉਪਰੋਂ ਦੋ ਧੀਆਂ ਦੇ ਵਿਆਹ। ਪੂਰੀ ਪੈਲੀ ਵਿਕ ਗਈ, ਧੀਆਂ ਤਾਂ ਬੂਹੇ ਤੋਂ ਉਠਾ ਦਿੱਤੀਆਂ, ਪਤਨੀ ਨੂੰ ਨਹੀਂ ਬਚਾ ਸਕਿਆ।
ਪਤਨੀ ਦੀਆਂ ਸੱਧਰਾਂ ਲਈ ਨਵੀਂ ਰਸੋੋਈ ਬਣਾਈ, ਪਰ ਮਾਲਕਣ ਤੁਰ ਗਈ। ਇਕਲੌਤਾ ਪੁੱਤ ਦਿਹਾੜੀ ਕਰਨ ਲੱਗਾ। ਮੁੰਡੇ ਨੇ ਪੁਰਾਣਾ ਟਰੈਕਟਰ ਨਹੀਂ ਵੇਚਣ ਦਿੱਤਾ, ਅਖੇ ਦਾਦੇ ਦੀ ਨਿਸ਼ਾਨੀ ਹੈ। ਪੁੱਤ ਸਾਊਦੀ ਅਰਬ ਭੇਜਿਆ। ਖੁਸ਼ੀਆਂ ਪਰਤਣ ਤੋਂ ਪਹਿਲਾਂ ਪੁੱਤ ਦਾ ਵਿਦੇਸ਼ੋਂ ਤਾਬੂਤ ਆ ਗਿਆ। ਪਿੱਛੇ ਬਚੇ ਨੇ, ’71 ਦੀ ਜੰਗ ਵੇਲੇ ਦੇ ਬਣਾਏ ਦੋ ਕਮਰੇ, ਇੱਕ ਰਸੋਈ, ਪੁਰਾਣਾ ਟਰੈਕਟਰ ਜਾਂ ਫਿਰ ਮੜ੍ਹੀਆਂ ਵਰਗੀ ਚੁੱਪ। ਖੇਤੀ ਦੇ ਮੋਰਚੇ ’ਤੇ ਬਥੇਰਾ ਲੜਿਆ। ਹੁਣ ਕਿਉਂ ਨਹੀਂ ਲੜੇਗਾ। ਬੱਸ ਥੋੜਾ ਸਮਾਂ ਦਿਓ, ਭਿੜੇਗਾ ਵੀ ਜਿੱਥੇ ਕਹੋਗੇ, ਈਵੀਐਮ ਦਾ ਬਟਨ ਦੀ ਦੱਬੂ, ਥੋੜਾ ਆਪਣੇ ਨਾਲ ਲੜਨ ਤੋਂ ਵਿਹਲਾ ਹੋ ਲਵੇ। ‘ਮੌਤ ਨਾਲ ਕੌਣ ਮੱਥਾ ਲਾਵੇ’ ਖ਼ੂਨਣ ਖੁਰਦ (ਮੁਕਤਸਰ) ਦਾ ਗੁਲਜ਼ਾਰ ਸਿੰਘ ਆਖਦੈ, ‘ਤੁਸੀਂ ਪਾਸੇ ਹੋ ਜਾਓ, ਮੈਂ ਟੱਕਰਾਂਗਾ’। ਦੁੱਖਾਂ ਦੇ ਸਤਲੁਜ ਨੇ 80 ਵਰ੍ਹਿਆਂ ਦੇ ਇਸ ਮਜ਼ਦੂਰ ਨੂੰ ਪੱਤਣੋਂ ਉਖਾੜ ਦਿੱਤਾ। ਫਿਰ ਵੀ ਆਖਦੈ.. ਲੜਾਂਗਾ। ਇਸ ਬਾਬੇ ਦਾ ਰਾਹੂ ਕੇਤੂ ਕੀ ਵਿਗਾੜ ਦੇਣਗੇ।
ਨੇਤਾ ਆਖਦੇ ਨੇ, ਭੁੱਲ ਜਾਓ ਤੇ ਮਿੱਟੀ ਪਾਓ, ਵੱਡੇ ਜਿਗਰੇ ਵਾਲੇ ਹੋ। ਸੱਚੀਓਂ ਦਲਿਤ ਬਾਬੇ ਦਾ ਜਿਗਰਾ ਵੱਡੈ। ਪਹਿਲਾਂ ਨੂੰਹ ਖ਼ੁਦਕੁਸ਼ੀ ਕਰ ਗਈ ਤੇ ਪਿੱਛੋਂ ਪੁੱਤ। ਪਤਨੀ ਵੀ ਸਾਥ ਛੱਡ ਗਈ। ਨੌਂ ਸਾਲ ਦੀ ਪੋਤੀ ਤੇ ਪੰਜ ਸਾਲ ਦਾ ਪੋਤਾ, ਇਸ ਉਮਰੇ ਇਨ੍ਹਾਂ ਨੂੰ ਪਾਲਣ ਲਈ ਹੀ ਤਾਂ ਬਾਬਾ ਦਿਹਾੜੀ ਕਰਦੈ। ‘ਹਿੰਦ’ ਦੀ ਲਾਜ ਲਈ ਬਾਬਾ ਲੜਨਾ ਚਾਹੁੰਦੈ, ਬੱਸ ਥੋੜਾ ਸਮਾਂ ਮੰਗਦੈ। ਆਖਦੈ, ਕੁਝ ਪਹਿਰ ਦਿਓ, ਜ਼ਰੂਰ ਲੜਾਂਗਾ, ਪਹਿਲਾਂ ਪੋਤੇ-ਪੋਤੀ ਦੀ ਫੀਸ ਦਾ ਫ਼ਿਕਰ ਮੁਕਾ ਲਵਾਂ। ਆਹ ਜੋ ਪੰਜਾਬ ਦੀਆਂ ਸੜਕਾਂ ’ਤੇ ਕੂਕਦੇ ਨੇ, ਲੜਨਾ ਉਹ ਵੀ ਚਾਹੁੰਦੇ ਨੇ।
ਬੀੜ ਭੋਲੂਵਾਲਾ (ਫ਼ਰੀਦਕੋਟ) ਦਾ ਜਗਦੀਸ਼ ਬਾਰਡਰ ’ਤੇ ਲੜਨਾ ਚਾਹੁੰਦਾ ਸੀ। ਕਿਸੇ ਫ਼ੌਜੀ ਭਰਤੀ ਵਿਚ ਗੱਲ ਨਾ ਬਣੀ। ਮਾਪੇ ਚੱਲ ਵਸੇ। ਇਹ ਜਵਾਨ ਹੁਣ ਬਿਨਾਂ ਵਰਦੀ ਤੋਂ ਲੜ ਰਿਹੈ। ਪਹਿਲਾਂ ਦਿਹਾੜੀ ਕੀਤੀ। ਫਿਰ ਟੈੱਟ ਪਾਸ ਕੀਤਾ। 12 ਵਰ੍ਹਿਆਂ ਤੋਂ ਪੰਜ ਹਜ਼ਾਰ ਵਾਲੀ ਨੌਕਰੀ ਕਰਦੈ। ਕਿਸਮਤ ਬਹੁਤ ਭੈੜੀ ਨਿਕਲੀ। ਦੇਸ਼ ਭਗਤੀ ਫਿਰ ਨਹੀਂ ਮਰੀ। ਥੋੜਾ ਠਹਿਰਣਾ, ਟੈਂਕੀ ’ਤੇ ਚੜ੍ਹ ਕੇ ਨਾਅਰੇ ਮਾਰ ਲਵੇ। ਜਦੋਂ ਸਰਕਾਰੀ ਊਠ ਦਾ ਬੁੱਲ੍ਹ ਡਿੱਗਿਆ ਤਾਂ ਫਿਰ ਜ਼ਰੂਰ ਲੜੇਗਾ। ਹਾਲੇ ਢਿੱਡ ਲਈ ਲੜ ਲਵੇ। ਵੈਸੇ ਤਾਂ ਪੂਰਾ ਪੰਜਾਬ ਹੀ ਅੱਠੋ ਅੱਠ ਮਾਰ ਰਿਹੈ। ਚਿੰਤਾ ਹੈ ਕਿ ਅਬਦਾਲੀ ਤੋਂ ਨਾ ਹਾਰਨ ਵਾਲੇ ਅਡਾਨੀ ਤੋਂ ਕਿਉਂ ਹਾਰ ਰਹੇ ਨੇ। ਪੰਜ ਹਵਾਈ ਅੱਡੇ ਹੁਣੇ ਮੁੱਠੀ ਵਿਚ ਕੀਤੇ ਨੇ। ਓ ਭਾਈ, ਥੋਡਾ ਢਿੱਡ ਕਿਓਂ ਦੁਖਦਾ, ਤੁਸੀਂ ‘ਜੈ ਹਿੰਦ’ ਦੇ ਨਾਅਰੇ ਲਾਓ।
ਪਟਿਆਲੇ ਮਮਟੀ ਤੋਂ ਡਿੱਗੀ ਕਰਮਜੀਤ ਨੂੰ ਹਾਲੇ ਮੁਆਫ਼ ਕਰਨਾ। ਜਦੋਂ ਗੋਡਿਆਂ ਤੋਂ ਨੌਂ ਬਰ ਨੌਂ ਹੋ ਗਈ ਤਾਂ ਜ਼ਰੂਰ ਖੜ੍ਹੀ ਹੋ ਕੇ ਆਖੇਗੀ ‘ਭਾਰਤ ਜ਼ਿੰਦਾਬਾਦ’। ਦਿੱਲੀ ਵਾਲੇ ਆਖਦੇ ਨੇ, ‘ਹੁਣ ਮਸ਼ਕਾਂ ਦਾ ਭਾਅ ਨਾ ਪੁੱਛੋ’। ਬੱਸ ਜ਼ੋਰ ਦੀ ਬੋਲੋ ‘ਜੈ ਹਿੰਦ ਜੈ ਹਿੰਦ।’ ਕੱਲ੍ਹ ਦੇ ਨਿਆਣੇ ਕਦੇ ਸੜਕਾਂ ਜਾਮ ਕਰਦੇ ਨੇ ਤੇ ਕਦੇ ਪੁਲ। ਇਕ ਤਾਂ ਉੱਚੀ ਬਹੁਤ ਬੋਲਦੇ ਨੇ, ਅਖੇ ‘ਘਰ ਘਰ ਰੁਜ਼ਗਾਰ’ ਨੀ ਦਿਸਦਾ, ਦੋ ਕਰੋੜ ਨੌਕਰੀਆਂ ਕਿੱਥੇ ਨੇ। ਕੌਣ ਸਮਝਾਏ ਇਨ੍ਹਾਂ ਨੂੰ ਕਿ ‘ਮੋਦੀ ਹੈ ਤਾਂ ਮੁਮਕਿਨ ਹੈ’। ਯਕੀਨ ਨਹੀਂ ਤਾਂ ਕੋਈ ਚੈਨਲ ਚਲਾ ਕੇ ਦੇਖ ਲਓ। ਪੀਐੱਚ.ਡੀ ਧੀਆਂ ਪੁੱਛਦੀਆਂ ਨੇ, ਸ਼ਹੀਦ ਹੋਏ ਅਰਮਾਨਾਂ ਦਾ ਕੀ ਕਰੀਏ ?

You May Also Like

Leave a Reply

Your email address will not be published. Required fields are marked *