ਖੂੰਖਾਰ ਅੱਤਵਾਦੀ ਸੰਗਠਨ ਆਈਐੱਸ ਨੇ ਕਸ਼ਮੀਰ ਨੂੰ ਐਲਾਨਿਆ ਆਪਣਾ ‘ਸੂਬਾ’

ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਇਰਾਕ ਅਤੇ ਸੀਰੀਆ ਸਮੇਤ ਮੱਧ ਪੂਰਬ ਤੋਂ ਉਖੜਨ ਦੇ ਬਾਅਦ ਦੁਨੀਆ ਭਰ ‘ਚ ਆਪਣੇ ਪੈਰ ਨਵੇਂ ਸਿਰੇ ਤੋਂ ਜਮਾਉਣ ਦੀ ਕੋਸ਼ਿਸ਼ ‘ਚ ਲੱਗੇ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਨੇ ਹੁਣ ਭਾਰਤ ਦੇ ਸੂਬੇ ਕਸ਼ਮੀਰ ਨੂੰ ਆਪਣਾ ਨਵਾਂ ‘ਸੂਬਾ’ ਐਲਾਨ ਦਿੱਤਾ ਹੈ।

ਆਈਐੱਸ ਦਾ ਇਹ ਦਾਅਵਾ ਤਦ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਭਾਰਤੀ ਸੁਰੱਖਿਆ ਏਜੰਸੀਆਂ ਨੇ ਕਸ਼ਮੀਰ ਸਥਿਤ ਸ਼ੋਪੀਆਂ ‘ਚ ਇਸ ਅੱਤਵਾਦੀ ਸੰਗਠਨ ਦੇ ਆਖਰੀ ਅੱਤਵਾਦੀ ਇਸ਼ਾਕ ਅਹਿਮਦ ਸੋਫੀ ਨੂੰ ਮਾਰ ਸੁੱਟਿਆ। ਭਾਰਤੀ ਸੁਰੱਖਿਆ ਏਜੰਸੀਆਂ ਪਹਿਲਾਂ ਤੋਂ ਹੀ ਹਿੰਸਾ ਤੋਂ ਪ੍ਰਭਾਵਿਤ ਕਸ਼ਮੀਰ ‘ਚ ਆਈਐੱਸ ਦੇ ਵੱਧਦੇ ਪ੍ਰਭਾਵ ਤੋਂ ਚਿੰਤਤ ਹਨ ਪਰ ਉਸ ਦੇ ਇਸ ਨਵੇਂ ਦਾਅਵੇ ਨੂੰ ਲੈ ਕੇ ਭਾਰਤੀ ਏਜੰਸੀਆਂ ਫਿਲਹਾਲ ਬਹੁਤ ਗੰਭੀਰਤਾ ਨਹੀਂ ਦਿਖਾ ਰਹੀਆਂ।

ਅਸਲ ‘ਚ ਵਿਲਾਇਤ-ਏ-ਹਿੰਦ ਦਾ ਮਤਲਬ ਆਈਐੱਸ ਦਾ ਇਕ ਖੇਤਰ ਜਾਂ ਉਸ ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਦੇ ਆਪਰੇਸ਼ਨਲ ਖੁਰਾਸਾਨ ਤਹਿਤ ਇਕ ਸੂਬੇ ‘ਤੇ ਕਬਜ਼ਾ ਹੈ। ਅਬੂ ਬਗਦਾਦੀ ਨੇ ਆਪਣੀ ਖ਼ਿਲਾਫ਼ਤ ‘ਚ ਈਰਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਅਫ਼ਗਾਨਿਸਤਾਨ, ਭਾਰਤ, ਸ੍ਰੀਲੰਕਾ, ਨੇਪਾਲ ਅਤੇ ਚੀਨ ਦੇ ਅੱਧੇ ਹਿੱਸੇ ਨੂੰ ਸ਼ਾਮਲ ਕਰਨ ਲਈ ਉਸ ਨੂੰ ਖੁਰਾਸਾਨ ਆਪਰੇਸ਼ਨ ਦਾ ਨਾਂ ਦਿੱਤਾ ਹੈ। ਕਸ਼ਮੀਰ ‘ਚ ਸਰਗਰਮ ਆਈਐੱਸਜੇਕੇ ਨਾਂ ਦੇ ਅੱਤਵਾਦੀ ਸੰਗਠਨ ਜਿਸ ਨੂੰ ਜੁੰਦੁਲ ਖ਼ਲੀਫ਼ਾ ਵੀ ਕਹਿੰਦੇ ਹਨ, ਆਈਐੱਸ ਦਾ ਇਕ ਹਿੱਸਾ ਹੈ।

ਉੱਥੇ, ਭਾਰਤੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀਲੰਕਾ ‘ਚ ਹਿੰਸਾ ਨੂੰ ਅੰਜਾਮ ਦੇਣ ਦੇ ਬਾਅਦ ਇਹ ਅੱਤਵਾਦੀ ਸੰਗਠਨ ਕਸ਼ਮੀਰ ਰਾਹੀਂ ਹੁਣ ਕੌਮਾਂਤਰੀ ਮੀਡੀਆ ‘ਚ ਥਾਂ ਬਣਾਉਣ ਲਈ ਅਜਿਹੇ ਬਿਆਨ ਦੇ ਰਿਹਾ ਹੈ। ਉਹ ਸਨਸਨੀ ਫ਼ੈਲਾਉਣ ਲਈ ਅਜਿਹਾ ਦਾਅਵਾ ਕਰ ਰਿਹਾ ਹੈ। ਸ਼ਨਿਚਰਵਾਰ ਨੂੰ ਦੁਪਹਿਰ ਬਾਅਦ ਇੰਟਰਨੈੱਟ ਅਤੇ ਸੋਸ਼ਲ ਸਾਈਟਾਂ ‘ਤੇ ਆਈਐੱਸ ਦੀ ਸੂਚਨਾ ਦੇਣ ਵਾਲੀ ਅਮਾਕ ਨਿਊਜ਼ ਏਜੰਸੀ ਨੇ ਉਕਤ ਦਾਅਵਾ ਕੀਤਾ ਹੈ।

ਨਾਲ ਹੀ ਮਾਓਤਾ ਨਿਊਜ਼ ਏਜੰਸੀ ਅਤੇ ਨਿਦਾ-ਏ-ਹੱਕ ਨਾਂ ਦੀ ਇਕ ਉਰਦੂ ਏਜੰਸੀ ਨੇ ਵੀ ਇਹੀ ਸੂਚਨਾ ਦਿੱਤੀ ਹੈ। ਇਨ੍ਹਾਂ ਦੋਹਾਂ ਨੂੰ ਵੀ ਆਈਐੱਸ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਕੁਝ ਮਾਹਿਰਾਂ ਨੇ ਇਹ ਦੱਸਿਆ ਕਿ ਇਕ ਹੋਰ ਸੋਸ਼ਲ ਸਾਈਟ ਟੈਲੀਗ੍ਰਾਮ ਰਾਹੀਂ ਆਈਐੱਸ ਦੇ ਚੈਟ ਸਮੂਹਾਂ ‘ਚ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵੈਸੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਆਈਐੱਸ ਵੱਲੋਂ ਕਸ਼ਮੀਰ ‘ਚ ਆਪਣੀ ਪੈਠ ਬਣਾਉਣ ਦਾ ਦਾਅਵਾ ਕੀਤਾ ਗਿਆ ਹੋਵੇ।

ਤਕਰੀਬਨ ਤਿੰਨ ਸਾਲ ਪਹਿਲਾਂ ਹੀ ਉਸ ਨੇ ਇਸਲਾਮਿਕ ਸਟੇਟ ਜੰਮੂ-ਕਸ਼ਮੀਰ ਤੇ ਕਸ਼ਮੀਰ (ਆਈਐੱਸਜੇਕੇ) ਬਣਾਉਣ ਦਾ ਦਾਅਵਾ ਕੀਤਾ ਸੀ। ਸਾਲ 2017 ‘ਚ ਜਦੋਂ ਭਾਰਤੀ ਸੁਰੱਖਿਆ ਦਸਤਿਆਂ ਨੇ ਆਈਐੱਸ ਦੇ ਤਿੰਨ ਅੱਤਵਾਦੀਆਂ ਨੂੰ ਇਕੱਠੇ ਮਾਰ ਦਿੱਤਾ ਸੀ ਤਾਂ ਉਨ੍ਹਾਂ ਕੋਲ ਆਈਐੱਸਜੇਕੇ ਦੇ ਬੈਨਰ ਅਤੇ ਕੁਝ ਕਾਗਜ਼ਾਤ ਮਿਲੇ ਸਨ। ਉਸ ਦੇ ਬਾਅਦ ਤੋਂ ਹੀ ਭਾਰਤੀ ਸੁਰੱਖਿਆ ਏਜੰਸੀਆਂ ਨੇ ਕਸ਼ਮੀਰ ‘ਚ ਆਈਐੱਸ ਦੀ ਧਮਕੀ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ।

ਸੁਰੱਖਿਆ ਏਜੰਸੀਆਂ ਵੱਲੋਂ ਇਸ ਬਾਰੇ ਜਨਤਕ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਪਰ ਏਜੰਸੀਆਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਆਈਐੱਸ ਦੇ ਬਚੇ ਖੁਚੇ ਅੱਤਵਾਦੀਆਂ ਦੀ ਮਨਸ਼ਾ ਕਸ਼ਮੀਰ ‘ਚ ਨਵੇਂ ਅੱਤਵਾਦੀਆਂ ਨੂੰ ਖੜ੍ਹਾ ਕਰਨ ਦੀ ਵੀ ਹੋ ਸਕਦੀ ਹੈ। ਨਾਲ ਹੀ ਵਿਸ਼ਵ ਪੱਧਰ ‘ਤੇ ਇਹ ਵੀ ਦਿਖਾਉਣਾ ਚਾਹੁੰਦੇ ਹਨ ਕਿ ਆਈਐੱਸ ਹਾਲੇ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ। ਸ੍ਰੀਲੰਕਾ ‘ਚ ਆਈਐੱਸ ਤੋਂ ਪ੍ਰਭਾਵਿਤ ਕੁਝ ਅੱਤਵਾਦੀਆਂ ਨੇ ਜਿਸ ਤਰ੍ਹਾਂ ਨਾਲ ਕਤਲੇਆਮ ਕੀਤਾ ਉਸ ਦਾ ਵੀ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਬਚੇ ਖੁਚੇ ਅੱਤਵਾਦੀਆਂ ਨੇ ਕੀਤੀ ਹੈ।

 

You May Also Like

Leave a Reply

Your email address will not be published. Required fields are marked *