ਗੁਰਪੁਰਬ ਮੌਕੇ ਸਾਹਿਬ-ਏ-ਕਮਾਲ ਨੂੰ ਸਿਜਦਾ

ਅੰਮ੍ਰਿਤਸਰ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਸਰੋਵਰ ਵਿੱਚ ਇਸ਼ਨਾਨ ਕੀਤਾ।
ਅੱਜ ਤੜਕੇ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸੰਗਤਾਂ ਦੀ ਭਾਰੀ ਆਮਦ ਸ਼ੁਰੂ ਹੋ ਗਈ ਸੀ। ਦੂਰ ਦੁਰਾਡੇ ਤੋਂ ਸੰਗਤ ਰਾਤ ਨੂੰ ਹੀ ਇੱਥੇ ਪੁੱਜ ਗਈ ਸੀ, ਜਿਨ੍ਹਾਂ ਤੜਕੇ ਸਵੇਰੇ ਪਾਲਕੀ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਹ ਸਿਲਸਿਲਾ ਸਾਰਾ ਦਿਨ ਜਾਰੀ ਰਿਹਾ। ਇੱਥੇ ਪਰਿਕਰਮਾ ਵਿੱਚ ਸੰਗਤ ਦੀ ਵੱਡਾ ਇਕੱਠ ਸੀ ਅਤੇ ਸੱਚਖੰਡ ਵਿਖੇ ਮੱਥਾ ਟੇਕਣ ਲਈ ਵੀ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਪ੍ਰਬੰਧਕਾਂ ਮੁਤਾਬਕ ਵੱਡੇ ਦਿਨਾਂ ਦੀਆਂ ਛੁੱਟੀਆਂ ਅਤੇ ਗੁਰਪੁਰਬ ਇਕੱਠਾ ਆਉਣ ਕਾਰਨ ਇਨ੍ਹਾਂ ਦਿਨਾਂ ਵਿਚ ਸੰਗਤ ਦੀ ਆਮਦ ਵਧੇਰੇ ਵਧ ਗਈ ਹੈ। ਪ੍ਰਬੰਧਕਾਂ ਦੇ ਅਨੁਮਾਨ ਮੁਤਾਬਕ ਅੱਜ ਢਾਈ ਲੱਖ ਤੋਂ ਵੱਧ ਸੰਗਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਇਸ਼ਨਾਨ ਕੀਤਾ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਲੰਗਰ ਛਕਿਆ ਹੈ। ਵਧੀਕ ਮੈਨੇਜਰ ਸੁਖਬੀਰ ਸਿੰਘ ਨੇ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਨੂੰ ਵੇਖਦਿਆਂ ਵਧੇਰੇ ਪ੍ਰਬੰਧ ਕੀਤੇ ਗਏ ਸਨ। ਗੁਰਪੁਰਬ ਕਾਰਨ ਅੱਜ ਲੰਗਰ ਘਰ ਵਿੱਚ ਵੀ ਵਧੇਰੇ ਪਕਵਾਨ ਤਿਆਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸਵੇਰ ਵੇਲੇ 9 ਤੋਂ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ , ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਜਲੌਅ ਸਜਾਏ ਗਏ ਸਨ। ਸ਼ਾਮ ਨੂੰ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਵੀ ਚਲਾਈ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸ਼ਹਿਰ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਗੁਰਪੁਰਬ ਮਨਾਇਆ ਗਿਆ ਹੈ। ਸੰਗਤ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ਲੰਗਰ ਵੀ ਲਾਏ ਗਏ ਸਨ।

You May Also Like

Leave a Reply

Your email address will not be published. Required fields are marked *