ਗੁੰਡਾ ਟੈਕਸ: ਸਿਆਸੀ ਲੱਠਮਾਰਾਂ ਵੱਲੋਂ ਹੁਣ ਠੇਕੇਦਾਰਾਂ ਨੂੰ ਦਬਕੇ

ਬਠਿੰਡਾ: ਕੈਪਟਨ ਹਕੂਮਤ ਦੇ ‘ਸਿਆਸੀ ਲੱਠਮਾਰ’ ਹੁਣ ‘ਗੁੰਡਾ ਟੈਕਸ’ ਨਾ ਦੇਣ ਵਾਲੇ ਰਿਫ਼ਾਈਨਰੀ ਦੇ ਉਸਾਰੀ ਠੇਕੇਦਾਰਾਂ ਨੂੰ ਦਬਕੇ ਮਾਰਨ ਲੱਗੇ ਹਨ। ਮੁੱਖ ਮੰਤਰੀ ਨੇ ਤਾਂ ‘ਗੁੰਡਾ ਟੈਕਸ’ ਦੇ ਖ਼ਾਤਮੇ ਦਾ ਦਾਅਵਾ ਕੀਤਾ ਸੀ ਪਰ ਇੱਕ ਠੇਕੇਦਾਰ ਨੇ ਇਸ ਦੀ ਪੋਲ ਖੋਲ੍ਹ ਦਿੱਤੀ ਹੈ। ਜ਼ੋਰਾਵਰਾਂ ਦਾ ਹੌਸਲਾ ਇੰਨਾ ਵਧਿਆ ਕਿ ਉਨ੍ਹਾਂ 22 ਫਰਵਰੀ ਨੂੰ ਰਿਫ਼ਾਈਨਰੀ ਨੇੜੇ ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੂੰ ਦਫ਼ਤਰ ਵਿਚ ਜਾ ਕੇ ਧਮਕੀਆਂ ਦਿੱਤੀਆਂ।
ਰਿਫ਼ਾਈਨਰੀ ਅੰਦਰ ਪੈਟਰੋ ਕੈਮੀਕਲ ਪ੍ਰਾਜੈਕਟ ਦੇ ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸਬੂਤ ਵਜੋਂ ਧਮਕੀ ਦੇਣ ਵਾਲਿਆਂ ਦੀ ਇੱਕ ਆਡੀਓ ਕਲਿੱਪ ਵੀ ਭੇਜੀ ਹੈ। ਉਸ ਨੇ ਪ੍ਰਧਾਨ ਮੰਤਰੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਮੁੱਖ ਮੰਤਰੀ ਤੇ ਡੀਜੀਪੀ ਨੂੰ ਫ਼ੌਰੀ ਈ-ਮੇਲ ਭੇਜ ਕੇ ‘ਗੁੰਡਾ ਟੈਕਸ’ ਬਾਰੇ ਜਾਣੂ ਕਰਾਇਆ ਹੈ। ਮੁੱਖ ਮੰਤਰੀ ਦਫ਼ਤਰ  ਨੇ ਸ਼ਿਕਾਇਤ ਮਿਲਣ ’ਤੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਫ਼ੌਰੀ ਕਾਰਵਾਈ ਕਰਨ ਦੇ ਹੁਕਮ ਕੀਤੇ ਹਨ।
ਸ਼ਿਕਾਇਤ ’ਚ ਇੱਕ ਕਾਂਗਰਸੀ ਵਿਧਾਇਕ ਅਤੇ ਉਸ ਦੇ ਨੇੜਲੇ ਜ਼ੋਰਾਵਰਾਂ ਦੀ ਜੋੜੀ ਦੇ ਨਾਮ ਵੀ ਲਿਖੇ ਹਨ ਜਿਨ੍ਹਾਂ ਦੇ ਮੋਬਾਈਲ ਨੰਬਰਾਂ ਦੀ ਪੂਰੀ ਪੜਤਾਲ ਕਰਨ ਦੀ ਮੰਗ ਕੀਤੀ ਹੈ ਤਾਂ ਕਿ ‘ਗੁੰਡਾ ਟੈਕਸ’ ਨਾਲ ਜੁੜੇ ਸਿਆਸੀ ਲੋਕਾਂ ਦੇ ਭੇਤ ਖੁੱਲ੍ਹ ਸਕਣ। ਡਿਪਟੀ ਕਮਿਸ਼ਨਰ ਨੇ ਰਿਫ਼ਾਈਨਰੀ ਦੇ ਇਕ ਪ੍ਰਤੀਨਿਧ ਤੋਂ 20 ਫਰਵਰੀ ਨੂੰ ‘ਗੁੰਡਾ ਟੈਕਸ’ ਦਾ ਸਟੇਟਸ ਪੁੱਛਿਆ ਸੀ। ਪ੍ਰਸ਼ਾਸਨ ਦੀ ਹੱਲਾਸ਼ੇਰੀ ਮਗਰੋਂ ਠੇਕੇਦਾਰ ਅਸ਼ੋਕ ਬਾਂਸਲ ਨੇ ‘ਸਭ ਅੱਛਾ’ ਸਮਝ ਕੇ ਦੋ ਟਿੱਪਰ ਮੰਗਵਾ ਲਏ ਪਰ ਅਗਲੇ ਦਿਨ ਹੀ ਦੋ ਜ਼ੋਰਾਵਰ ਸਵਿਫ਼ਟ ਕਾਰ ਵਿਚ ਠੇਕੇਦਾਰ ਦੇ ਦਫ਼ਤਰ ਪੁੱਜ ਕੇ ਪੁੱਛਣ ਲੱਗੇ, ‘‘ਤੁਸੀਂ ਸਾਡੀ ਸਹਿਮਤੀ ਬਿਨਾਂ ਕਿਵੇਂ ਕੱਚਾ ਮਾਲ ਮੰਗਵਾ ਰਹੇ ਹੋ।’’ ਠੇਕੇਦਾਰ ਨੇ ‘ਗੁੰਡਾ ਟੈਕਸ’ ਸਮਾਪਤੀ ਦੀ ਗੱਲ ਆਖੀ ਤਾਂ ਜੋੜੀ ਨੇ ਦਬਕਾ ਮਾਰਿਆ, ‘‘ਸਾਨੂੰ ਤਾਂ ਪ੍ਰਧਾਨ ਮੰਤਰੀ ਨਹੀਂ ਰੋਕ ਸਕਦਾ।… ਸਾਡੇ ਪੁੱਛੇ ਬਿਨਾਂ ਕੋਈ ਮਾਲ ਨਹੀਂ ਆਵੇਗਾ’।’’ ਠੇਕੇਦਾਰ ਨੇ ਪਹਿਲਾਂ 5 ਫਰਵਰੀ ਨੂੰ ਡੀਜੀਪੀ, ਐਸਐਸਪੀ, ਮਨੁੱਖੀ ਅਧਿਕਾਰ ਕਮਿਸ਼ਨ ਨੂੰ ਈਮੇਲ ਭੇਜ ਕੇ ‘ਗੁੰਡਾ ਟੈਕਸ’ ਬਾਰੇ ਜਾਣੂ ਕਰਾਇਆ ਅਤੇ ਮਾਫ਼ੀਏ ਦੀ ਇੱਕ ਆਡੀਓ ਕਲਿੱਪ ਵੀ ਭੇਜੀ ਸੀ। ਇਸ ਵਿਚ ਮਾਫ਼ੀਆ ‘ਮੁੱਖ ਮੰਤਰੀ ਹਾਊਸ’ ’ਚੋਂ ਹੁਕਮ ਆਏ ਹੋਣ ਬਾਰੇ ਆਖ ਕੇ ਵਸੂਲੀ ਦੀ ਗੱਲ ਕਰ ਰਿਹਾ ਸੀ। ਇਸ ਪੱਤਰ ’ਤੇ ਅੱਜ ਤੱਕ ਗ਼ੌਰ ਨਹੀਂ ਹੋਈ।
ਇੱਕ ਹੋਰ ਟਰਾਂਸਪੋਰਟਰ ਗੌਰਵ ਗਰਗ ਨੂੰ ਰਿਫ਼ਾਈਨਰੀ ’ਚੋਂ ਸਕਰੈਪ ਤੇ ਮਸ਼ੀਨਰੀ ਬਾਹਰ ਨਹੀਂ ਲਿਜਾਣ ਦਿੱਤੀ ਗਈ। ਮਾਫ਼ੀਆ ਨੇ ਗੱਡੀਆਂ ਦੇ ਕਾਗ਼ਜ਼ ਤੇ ਨਕਦੀ ਖੋਹ ਲਈ। ਉਨ੍ਹਾਂ 8 ਫਰਵਰੀ ਨੂੰ ਸ਼ਿਕਾਇਤ ਅਤੇ ਆਡੀਓ ਕਲਿੱਪ ਦਿੱਤੀ। ਸ਼ਿਕਾਇਤ ’ਤੇ ਕਾਰਵਾਈ ਤਾਂ ਨਹੀਂ ਹੋਈ ਪਰ ਪੁਲੀਸ ਅਫ਼ਸਰਾਂ ਨੇ ਕੱਲ੍ਹ ਉਸ ਨੂੰ ਬੁਲਾ ਕੇ ਆਖ ਦਿੱਤਾ ਕਿ ਉਸ ਦਾ ਕੰਮ ਸ਼ੁਰੂ ਕਰਾ ਦਿੱਤਾ ਜਾਵੇਗਾ।
ਜ਼ਿਲ੍ਹਾ ਪੁਲੀਸ ਨੇ ਪਿਛਲੇ ਦਿਨੀਂ ਰੇਤਾ ਬਜਰੀ ਤੇ ਨਜਾਇਜ਼ ਵਸੂਲੀ ਦਾ ਇੱਕ ਕੇਸ ਅਣਪਛਾਤੇ ਵਿਅਕਤੀਆਂ ’ਤੇ ਦਰਜ ਕੀਤਾ। ਸ਼ਿਕਾਇਤਕਰਤਾ ਸਦਰ ਵਾਲੀਆ ਦਾ ਕਹਿਣਾ ਸੀ ਕਿ ਉਸ ਨੇ 16 ਦਸੰਬਰ ਨੂੰ ਭਿਸੀਆਣਾ ਅੱਡੇ ’ਤੇ ਗੱਡੀਆਂ ਰੋਕੇ ਜਾਣ ਦੀ ਸ਼ਿਕਾਇਤ ਕੀਤੀ ਸੀ। ਮਗਰੋਂ ਸਮਝੌਤਾ ਹੋ ਗਿਆ ਸੀ। ਇੰਨੀ ਦੇਰ ਮਗਰੋਂ ਦਰਜ ਕੇਸ ਕਰਨ ਦੀ ਗੱਲ ਸਮਝ ਨਹੀਂ ਲੱਗੀ। ਰਿਫਾਈਨਰੀ ਪ੍ਰਬੰਧਕਾਂ ਵੱਲੋਂ ਅਜਿਹੇ ਮਾਹੌਲ ਵਿਚ ਬਦਲ ਤਰਾਸ਼ੇ ਜਾ ਰਹੇ ਹਨ ਅਤੇ ਰੇਲ ਰਸਤੇ ਰੇਤਾ ਬਜਰੀ ਮੰਗਵਾਏ ਜਾਣ ਤੋਂ ਇਲਾਵਾ ਹਰਿਆਣਾ ਵਾਲੇ ਪਾਸੇ ਰਿਫ਼ਾਈਨਰੀ ਨੇ ਇੱਕ ਗੇਟ ਕੱਢਣ ਦੀ ਯੋਜਨਾਬੰਦੀ ਵੀ ਬਣਾਈ ਹੈ।

You May Also Like

Leave a Reply

Your email address will not be published. Required fields are marked *