ਗੈਂਗਵਾਰ ‘ਚ ਸ਼ਾਮਲ ਪੰਜਾਬੀ ਸਮੇਤ 3 ਦੋਸ਼ੀਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਵੈਨਕੂਵਰ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਅਦਾਲਤ ਨੇ ਇਕ ਪੰਜਾਬੀ ਸਮੇਤ 3 ਨੌਜਵਾਨਾਂ ਨੂੰ 18-18 ਸਾਲ ਦੀ ਸਜ਼ਾ ਦੇ ਹੁਕਮ ਸੁਣਾਏ ਹਨ। ਇਹ ਮਾਮਲਾ ਗੈਂਗਵਾਰ ਨਾਲ ਸੰਬੰਧਤ ਹੈ। ਅਦਾਲਤ ਦੇ ਹੁਕਮ ਮੁਤਾਬਕ ਤਿੰਨੋਂ ਦੋਸ਼ੀ ਉਮਰ ਕੈਦ ਦੀ ਸਜ਼ਾ ਭੁਗਤਣਗੇ। ਤੁਹਾਨੂੰ ਦੱਸ ਦਈਏ ਕਿ ਅਗਸਤ 2011 ‘ਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਲੋਨਾ ‘ਚ ਗੈਂਗ ਵਾਰ ਹੋਈ ਸੀ। ਪੰਜਾਬੀ ਮੂਲ ਦੇ ਜੁਝਾਰ ਸਿੰਘ ਖੁਣ ਖੁਣ, ਮਾਈਕਲ ਅਤੇ ਮੈਕਬ੍ਰਾਈਬ ਨੇ ਆਪਣੇ ਗੈਂਗ ਆਗੂ ਗੁਰਮੀਤ ਸਿੰਘ ਢੱਕ ਦੇ ਕਤਲ ਦਾ ਬਦਲਾ ਲੈਣ ਲਈ ਮਿਲ ਕੇ ਰੈੱਡ ਸਕਾਰਪੀਅਨ ਦੇ ਆਗੂ ਜੌਨਾਥਨ ਬੇਕਨ ਨੂੰ ਸ਼ਰੇਆਮ ਮਾਰ ਦਿੱਤਾ ਸੀ। ਪੁਲਸ ਮੁਤਾਬਕ ਇਨ੍ਹਾਂ ਤਿੰਨਾਂ ਨੇ ਜੌਨਾਥਨ ਬੇਕਨ ਨੂੰ ਗੱਡੀ ‘ਚ ਗੋਲੀਆਂ ਨਾਲ ਭੁੰਨ੍ਹ ਦਿੱਤਾ ਸੀ, ਜਦ ਕਿ ਉਸ ਦੇ 3 ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਸੀ। ਤਿੰਨਾਂ ਦੋਸ਼ੀਆਂ ਨੇ ਅਦਾਲਤ ‘ਚ ਆਪਣੇ ਦੋਸ਼ ਕਬੂਲ ਕਰ ਲਏ ਸਨ, ਜਿਸ ਮਗਰੋਂ ਹੁਣ ਉੱਚ ਅਦਾਲਤ ਨੇ ਸਜ਼ਾ ਸੁਣਾਈ ਹੈ।  ਇਸੇ ਗੈਂਗਵਾਰ ਕਾਰਨ ਗੈਂਗ ਆਗੂ ਗੁਰਮੀਤ ਢੱਕ ਦੇ ਭਰਾ ਸੁੱਖ ਢੱਕ ਦਾ ਵੀ ਕਤਲ ਹੋ ਚੁੱਕਾ ਹੈ ਅਤੇ ਜੁਝਾਰ ਨੂੰ ਇਕ ਹੋਰ ਹਮਲੇ ‘ਚ 4 ਗੋਲੀਆਂ ਲੱਗ ਚੁੱਕੀਆਂ ਹਨ। ਕੈਨੇਡਾ ‘ਚ ਨਸ਼ਿਆਂ ਦਾ ਵਪਾਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਕਾਰਨ ਬਹੁਤ ਸਾਰੇ ਪੰਜਾਬੀ ਨੌਜਵਾਨ ਵੀ ਕੁਰਾਹੇ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਕਿਸੇ ਨਾ ਕਿਸੇ ਕੇਸ ‘ਚ ਆਏ ਦਿਨ ਪੰਜਾਬੀ ਮੂਲ ਦੇ ਨੌਜਵਾਨਾਂ ਦੇ ਨਾਂ ਆਉਂਦੇ ਰਹਿੰਦੇ ਹਨ, ਜਿਸ ਕਾਰਨ ਇੱਥੇ ਰਹਿ ਰਹੇ ਪੰਜਾਬੀ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।

You May Also Like

Leave a Reply

Your email address will not be published. Required fields are marked *