ਟੋਰਾਂਟੋ (ਏਐੱਨਆਈ) : ਚੀਨ ਨੂੰ ਇਕ ਹੋਰ ਝਟਕਾ। ਕਈ ਮੁੱਦਿਆਂ ‘ਤੇ ਭਾਰੀ ਮਤਭੇਦਾਂ ਕਾਰਨ ਕੈਨੇਡਾ ਨੇ ਬੀਜਿੰਗ ਨਾਲ ਮੁਕਤ ਵਪਾਰ ਵਾਰਤਾ ਬੰਦ ਕਰ ਦਿੱਤੀ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਫ੍ਰੈਂਕੋਇਸ-ਫਿਲਿਪ ਸ਼ੈਂਪੇਨ ਨੇ ਇਕ ਇੰਟਰਵਿਊ ‘ਚ ਕਿਹਾ, ‘ਮੌਜੂਦਾ ਹਾਲਾਤ ‘ਚ ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਅਜਿਹੀ ਵਾਰਤਾ ਜਾਰੀ ਰੱਖੀ ਜਾ ਸਕਦੀ ਹੈ। 2020 ਦਾ ਚੀਨ 2016 ਵਰਗਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੀ ਬੀਜਿੰਗ ਨੀਤੀ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਤੈਅ ਕਰੇਗਾ।
ਇਹ ਕੈਨੇਡਾ ਦੀ ਨੀਤੀ ‘ਚ ਵੱਡੇ ਬਦਲਾਅ ਨੂੰ ਦਰਸਾਉਂਦਾ ਹੈ। ਚੀਨ ਬਾਰੇ ਅਮਰੀਕਾ, ਆਸਟ੍ਰੇਲੀਆ ਤੇ ਯੂਰਪੀ ਯੂਨੀਅਨ ਦੇ ਕੁਝ ਦੇਸ਼ਾਂ ਵਾਂਗ ਕੈਨੇਡਾ ਵੀ ਹੁਣ ਸਖ਼ਤ ਰਵੱਈਆ ਅਪਣਾਉਂਦਾ ਨਜ਼ਰ ਆ ਰਿਹਾ ਹੈ। 2015 ‘ਚ ਜਸਟਿਸ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਚੀਨ ਨਾਲ ਆਰਥਿਕ ਰਿਸ਼ਤਿਆਂ ਨੂੰ ਵਧਾਉਣ ‘ਚ ਡੂੰਘੀ ਰੁਚੀ ਦਿਖਾਈ ਸੀ। ਟਰੂਡੋ 2016 ‘ਚ ਬੀਜਿੰਗ ਦੀ ਯਾਤਰਾ ‘ਤੇ ਗਏ ਸਨ। ਇਸ ਤੋਂ ਤੁਰੰਤ ਬਾਅਦ ਹੀ ਮੁਕਤ ਵਪਾਰ ਸਮਝੌਤੇ ਦੀਆਂ ਸੰਭਾਵਨਾਵਾਂ ਬਾਰੇ ਵਾਰਤਾ ਸ਼ੁਰੂ ਹੋ ਗਈ ਸੀ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਤਲਖੀ ਦੇ ਪਿੱਛੇ ਕਈ ਕਾਰਨ ਹਨ, ਜਿਵੇਂ ਕਿ ਹਾਂਗਕਾਂਗ ‘ਚ ਚੀਨੀ ਕਾਨੂੰਨਾਂ ਨੂੰ ਥੋਪਿਆ ਜਾਣਾ, ਇਕ-ਦੂਜੇ ਦੇ ਨਾਗਰਿਕਾਂ ਦੀ ਗਿ੍ਫ਼ਤਾਰੀ, ਚੀਨ ਵੱਲੋਂ ਕੈਨੇਡਾ ਤੋਂ ਮਾਸ ਦੀ ਦਰਾਮਦ ‘ਤੇ ਪਾਬੰਦੀ ਆਦਿ।