ਵਿਲੀਅਮਜ਼ ਲੇਕ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਲੱਗੀ ਅੱਗ ਦਾ ਜਾਇਜ਼ਾ ਲੈਣ ਸੋਮਵਾਰ ਨੂੰ ਵਿਲੀਅਮਜ਼ ਲੇਕ ਪਹੁੰਚੇ। ਟਰੂਡੋ ਨੇ ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਕੈਨੇਡੀਅਨ ਪ੍ਰਧਾਨ ਮੰਤਰੀ ਇਸ ਦੌਰਾਨ ਫਾਇਰ ਬ੍ਰਿਗੇਡ, ਪੁਲਸ ਤੇ ਫੌਜ ਦੇ 250 ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ, ਜੋ ਬੀਸੀ ਦੇ ਜੰਗਲਾਂ ਦੀ ਭਿਆਨਕ ਅੱਗ ਨੂੰ ਬੁਝਾਉਣ ‘ਚ ਮਦਦ ਕਰ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਦਾ ਸਾਰੇ ਕੈਨੇਡਾ ਵਾਸੀਆਂ ਵਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ, ”ਇਹ ਸਾਰੇ ਕੈਨੇਡਾ ਵਾਸੀਆਂ ਨੂੰ ਇਕੱਠੇ ਕਰਨ ਲਈ ਇਕ ਮਿਸਾਲ ਹੈ। ਮੈਨੂੰ ਕੈਨੇਡਾ ਤੇ ਬ੍ਰਿਟਿਸ਼ ਕੋਲੰਬੀਆ ਦਾ ਹਿੱਸਾ ਹੋਣ ‘ਤੇ ਮਾਣ ਹੈ। ਇਸ ਅੱਗ ਨਾਲ ਹੋਈ ਤਬਾਹੀ ਵਾਲੀ ਸਥਿਤੀ ਤੋਂ ਉਭਰਣ ਲਈ ਸਰਕਾਰ ਮਹੀਨਿਆਂ ਤੱਕ ਕੰਮ ਕਰੇਗੀ।”
ਦੱਸਣਯੋਗ ਹੈ ਕਿ ਦੋ ਹਫਤੇ ਪਹਿਲਾਂ ਹੀ ਬੀਸੀ ਦੇ ਅੰਦਰੂਨੀ ਇਲਾਕੇ ‘ਚ ਰਹਿਣ ਵਾਲੇ ਲਗਭਗ 10,000 ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਪਿਛਲੇ ਕੁਝ ਦਿਨਾਂ ਤੋਂ ਵਿਲੀਅਮਜ਼ ਲੇਕ ਵਾਸੀ ਘਰ ਪਰਤਣ ਲੱਗੇ ਹਨ ਪਰ ਹੋਰਨਾਂ ਇਲਾਕਿਆਂ ਦੇ ਲੋਕਾਂ ਨੂੰ ਅਜੇ ਵੀ ਘਰ ਪਰਤਣ ਦੀ ਇਜਾਜ਼ਤ ਨਹੀਂ ਮਿਲੀ ਹੈ। ਐਮਰਜੰਸੀ ਮੈਨੇਜਮੈਂਟ ਬੀਸੀ ਦੇ ਰੌਬਰਟ ਟਰਨਰ ਨੇ ਦੱਸਿਆ ਕਿ ਐਤਵਾਰ ਨੂੰ 6000 ਦੇ ਕਰੀਬ ਲੋਕ ਅਜੇ ਵੀ ਬੇਘਰਾਂ ਦੀ ਸੂਚੀ ਵਿਚ ਸ਼ਾਮਲ ਹਨ। ਬੀਤੇ ਸ਼ਨੀਵਾਰ ਨੂੰ ਟਰੂਡੋ ਬੀਸੀ ਦੇ ਸ਼ਹਿਰ ਰੇਵੇਲਸਟੋਕ ਵਿਚ ਸਨ, ਜਿਥੇ ਉਨ੍ਹਾਂ ਅੱਗ ਨਾਲ ਤਬਾਹੀ ਹੋਈ ਬੀਸੀ ਕਮਿਊਨਿਟੀਜ਼ ਲਈ ਰਾਹਤ ਕਾਰਜ ਚਲਾਉਣ ਲਈ ਰੈੱਡ ਕਰਾਸ ਨੂੰ ਵਧ ਤੋਂ ਵਧ ਦਾਨ ਦੇਣ ਲਈ ਆਖਿਆ ਸੀ। ਐਤਵਾਰ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੂਬੇ ‘ਚ 150 ਥਾਂਵਾਂ ਉੱਤੇ ਅੱਗ ਅਜੇ ਵੀ ਲੱਗੀ ਹੋਈ ਸੀ ਅਤੇ ਫਾਇਰ ਫਾਈਟਰਾਂ ਦਾ ਕਹਿਣਾ ਹੈ ਕਿ ਗਰਮ ਅਤੇ ਤੇਜ਼ ਹਵਾਵਾਂ ਕਾਰਨ ਆਉਣ ਵਾਲੇ ਦਿਨਾਂ ‘ਚ ਅੱਗ ਹੋਰ ਫੈਲ ਸਕਦੀ ਹੈ। ਬੀਸੀ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਜੰਗਲ ਆਮ ਨਾਲੋਂ ਕਿਤੇ ਜ਼ਿਆਦਾ ਖੁਸ਼ਕ ਹਨ।