ਜ਼ੁਕਰਬਰਗ ਵੱਲੋਂ ਟਰੰਪ ’ਤੇ ਪਲਟਵਾਰ

ਵਾਸ਼ਿੰਗਟਨ: ਫੇਸਬੁੱਕ ਦੇ ਬਾਨੀ ਮਾਰਕ ਜ਼ੁਕਰਬਰਗ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਸਾਂਝੇ ਵਿਚਾਰਾਂ ਦਾ ਮੰਚ ਹੈ। ਟਰੰਪ ਵੱਲੋਂ ਟਵੀਟ ਕਰਕੇ ਕਿਹਾ ਗਿਆ ਸੀ ਕਿ ਫੇਸਬੁੱਕ ‘ਐਂਟੀ ਟਰੰਪ’ (ਟਰੰਪ ਵਿਰੋਧੀ) ਹੈ, ਦੇ ਜਵਾਬ ’ਚ ਫੇਸਬੁੱਕ ਦੇ ਸੀਈਓ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੈਟਫਾਰਮ ਨੇ ਅਮਰੀਕੀ ਚੋਣਾਂ ’ਚ ਨਿਰਪੱਖ ਰਹਿਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਫੇਸਬੁੱਕ ਦੀ ਭੂਮਿਕਾ ਸਬੰਧੀ ਪ੍ਰਗਟਾਏ ਗਏ ਖ਼ਦਸ਼ਿਆਂ ਨੂੰ ਵੀ ਨਕਾਰਿਆ। ਆਪਣੇ ਫੇਸਬੁੱਕ ਪੇਜ ’ਤੇ ਜ਼ੁਕਰਬਰਗ ਨੇ ਕਿਹਾ,‘‘ਟਰੰਪ ਆਖਦਾ ਹੈ ਕਿ ਫੇਸਬੁੱਕ ਉਸ ਖ਼ਿਲਾਫ਼ ਹੈ। ਉਦਾਰਵਾਦੀ ਆਖਦੇ ਹਨ ਕਿ ਅਸੀਂ ਟਰੰਪ ਦੀ ਸਹਾਇਤਾ ਕੀਤੀ। ਦੋਵੇਂ ਧਿਰਾਂ ਉਨ੍ਹਾਂ ਵਿਚਾਰਾਂ ਅਤੇ ਸਮੱਗਰੀ ਤੋਂ ਔਖੀ ਹੇ ਜਿਸ ਨੂੰ ਉਹ ਪਸੰਦ ਨਹੀਂ ਕਰਦੇ।’’ ਫੇਸਬੁੱਕ ਵੱਲੋਂ 2016 ਦੀਆਂ ਚੋਣਾਂ ’ਚ ਰੂਸ ਦੀ ਦਖ਼ਲਅੰਦਾਜ਼ੀ ਦੀ ਜਾਂਚ ’ਚ ਕਾਂਗਰਸ ਨੂੰ ਸਹਿਯੋਗ ਦੇਣ ਦੀ ਹਾਮੀ ਭਰਨ ਦੇ ਕੁਝ ਦਿਨਾਂ ਬਾਅਦ ਹੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਨੈੱਟਵਰਕ ਸਾਈਟ ਦੀ ਆਲੋਚਨਾ ਕਰਦਿਆਂ ਉਸ ਨੂੰ ‘ਐਂਟੀ ਟਰੰਪ’ ਕਰਾਰ ਦਿੱਤਾ ਸੀ। ਫੇਸਬੁੱਕ ’ਤੇ ਲਿਖੇ ਲੰਬੇ ਨੋਟ ’ਚ ਜ਼ੁਕਰਬਰਗ ਨੇ ਇਸ ਬਿਆਨ ’ਤੇ ਅਫ਼ਸੋਸ ਜ਼ਾਹਰ ਕੀਤਾ ਕਿ ਚੋਣਾਂ ’ਚ ਫੇਸਬੁੱਕ ’ਤੇ ਫਰਜ਼ੀ ਖ਼ਬਰਾਂ ਨੇ ਅਸਰ ਪਾਇਆ। ਉਨ੍ਹਾਂ ਕਿਹਾ ਹੈ ਕਿ ਉਹ ਭਾਈਚਾਰਿਆਂ ਦੀ ਸਾਂਝ ਬਣਾਉਣ ਲਈ ਕੰਮ ਕਰਦੇ ਰਹਿਣਗੇ ਅਤੇ ਚੋਣਾਂ ’ਚ ਦਖ਼ਲ ਤੇ ਗੁੰਮਰਾਹਕੁਨ ਜਾਣਕਾਰੀ ਫੈਲਾਉਣ ਦੀਆਂ ਕੋਸ਼ਿਸ਼ਾਂ ਖਿਲਾਫ਼ ਉਹ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ।

You May Also Like

Leave a Reply

Your email address will not be published. Required fields are marked *