ਜਿਨਪਿੰਗ ਦਾ ਵਾਅਦਾ, ਪਾਰਦਰਸ਼ੀ ਹੋਵੇਗਾ ਬੈਲਟ ਐਂਡ ਰੋਡ ਪ੍ਰਾਜੈਕਟ

ਬੀਜਿੰਗ (ਪੀਟੀਆਈ) : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਨੂੰ ਲੈ ਕੇ ਉਭਰੀਆਂ ਵਿਸ਼ਵ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਯਤਨ ਵਿਚ ਕਿਹਾ ਕਿ ਇਹ ਖ਼ਾਹਿਸ਼ੀ ਪ੍ਰਾਜੈਕਟ ਕੋਈ ਐਕਸਕਲੂਸਿਵ ਕਲੱਬ ਨਹੀਂ ਹੈ। ਉਨ੍ਹਾਂ ਨੇ ਇਸ ਵਿਚ ਪੂਰੀ ਪਾਰਦਰਸ਼ਤਾ ਵਰਤਣ ਦਾ ਵਾਅਦਾ ਕੀਤਾ। ਬੀਆਰਆਈ ਨੂੰ ਲੈ ਕੇ ਅਜਿਹੀਆਂ ਚਿੰਤਾਵਾਂ ਜ਼ਾਹਿਰ ਕੀਤੀਆਂ ਜਾ ਰਹੀਆਂ ਹਨ ਕਿ ਚੀਨ ਕਰਜ਼ ਦਾ ਜਾਲ ਫੈਲਾ ਕੇ ਖੇਤਰ ‘ਚ ਆਪਣਾ ਪ੍ਰਭਾਵ ਜਮਾਉਣਾ ਚਾਹੁੰਦਾ ਹੈ। ਜਿਨਪਿੰਗ ਨੇ ਸ਼ੁੱਕਰਵਾਰ ਨੂੰ ਦੂਜੇ ਬੈਲਟ ਐਂਡ ਰੋਡ ਫੋਰਮ ਵਿਚ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਇਸ ‘ਚ ਸਭ ਕੁਝ ਪਾਰਦਰਸ਼ੀ ਹੋਣਾ ਚਾਹੀਦਾ ਹੈ ਅਤੇ ਅਸੀਂ ਭਿ੍ਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਬੀਆਰਆਈ ਨੇ ਦੁਨੀਆ ‘ਚ ਆਰਥਿਕ ਵਿਕਾਸ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ ਅਤੇ ਇਸ ਨੇ ਕੌਮਾਂਤਰੀ ਕਾਰੋਬਾਰ ਅਤੇ ਨਿਵੇਸ਼ ਲਈ ਇਕ ਨਵਾਂ ਮੰਚ ਵੀ ਤਿਆਰ ਕੀਤਾ ਹੈ ਬੀਆਰਆਈ ਜਿਨਪਿੰਗ ਦਾ ਖ਼ਾਹਿਸ਼ੀ ਪ੍ਰਾਜੈਕਟ ਹੈ। ਇਸ ਤਹਿਤ ਦੁਨੀਆ ਦੇ ਕਈ ਦੇਸ਼ਾਂ ਵਿਚ ਢਾਂਚਾਗਤ ਪ੍ਰਾਜੈਕਟਾਂ ‘ਤੇ ਕੰਮ ਚੱਲ ਰਿਹਾ ਹੈ। ਚੀਨ ਆਪਣੇ ਇਸੇ ਪ੍ਰਾਜੈਕਟ ਨੂੰ ਦੁਨੀਆ ਦੇ ਸਾਹਮਣੇ ਰੱਖਣ ਲਈ ਦੂਜੀ ਵਾਰ ਬੈਲਟ ਐਂਡ ਰੋਡ ਫੋਰਮ ਕਰਵਾ ਰਿਹਾ ਹੈ। ਇਹ ਫੋਰਮ ਸ਼ਨਿਚਰਵਾਰ ਤਕ ਚੱਲੇਗਾ। ਇਸ ਵਿਚ ਦੁਨੀਆ ਦੇ ਕਈ ਦੇਸ਼ਾਂ ਦੇ ਰਾਸ਼ਟਰ ਮੁਖੀ ਅਤੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ ਜਦਕਿ ਭਾਰਤ ਅਤੇ ਅਮਰੀਕਾ ਨੇ ਇਸ ਦਾ ਬਾਈਕਾਟ ਕੀਤਾ ਹੈ।

You May Also Like

Leave a Reply

Your email address will not be published. Required fields are marked *