ਜੁੰਮੇ ਦੀ ਨਮਾਜ਼ ਮੌਕੇ ਦਹਿਸ਼ਤੀ ਹਮਲਾ, 235 ਹਲਾਕ

ਕਾਹਿਰਾ: ਮਿਸਰ ਦੇ ਗੜਬੜ ਵਾਲੇ ਉੱਤਰੀ ਸਿਨਾਈ ਖ਼ਿੱਤੇ ’ਚ ਜੁੰਮੇ ਦੀ ਨਮਾਜ਼ ਮੌਕੇ ਮਸਜਿਦ ’ਚ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ 235 ਵਿਅਕਤੀ ਹਲਾਕ ਅਤੇ 109 ਹੋਰ ਜ਼ਖ਼ਮੀ ਹੋ ਗਏ। ਰਿਪੋਰਟਾਂ ਮੁਤਾਬਕ ਚਾਰ ਵਾਹਨਾਂ ’ਤੇ ਆਏ ਦਹਿਸ਼ਤਗਰਦਾਂ ਨੇ ਅਲ-ਆਰਿਸ਼ ਸ਼ਹਿਰ ’ਚ ਅਲ-ਰਾਵਦਾ ਮਸਜਿਦ ’ਤੇ ਬੰਬ ਧਮਾਕੇ ਮਗਰੋਂ ਗੋਲੀਆਂ ਚਲਾ ਕੇ ਹਮਲਾ ਕੀਤਾ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਮੌਕੇ ’ਤੇ 50 ਐਂਬੂਲੈਂਸਾਂ ਭੇਜੀਆਂ ਗਈਆਂ। ਮਿਸਰ ਸਰਕਾਰ ਨੇ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਮੁਲਕ ’ਚ ਸਭ ਤੋਂ ਖ਼ਤਰਨਾਕ ਹਮਲੇ ਤੋਂ ਬਾਅਦ ਰਾਸ਼ਟਰਪਤੀ ਅਬਦਲ ਫਤਿਹ ਅਲ-ਸਿਸੀ ਨੇ ਹੰਗਾਮੀ ਬੈਠਕ ਕਰਕੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਇਹ ਕਾਰਾ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਵੱਲੋਂ ਕੀਤਾ ਗਿਆ ਮੰਨਿਆ ਜਾ ਰਿਹਾ ਹੈ। ਉਂਜ ਹਮਲੇ ਦੀ ਅਜੇ ਤਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ। ਅਹਿਰਾਮ ਆਨਲਾਈਨ ਮੁਤਾਬਕ ਮਸਜਿਦ ਅੰਦਰ ਖੂਨ ਨਾਲ ਲਿਬੜੀਆਂ ਹੋਈਆਂ ਲਾਸ਼ਾਂ ਨੂੰ ਦੇਖਿਆ ਜਾ ਸਕਦਾ ਹੈ। ਵੈੱਬਸਾਈਟ ਮੁਤਾਬਕ ਆਈਈਡੀ ਤੋਂ ਕੀਤੇ ਗਏ ਧਮਾਕਿਆਂ ਨਾਲ ਮਸਜਿਦ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਮਿਸਰ ਸਿਹਤ ਮੰਤਰਾਲੇ ਦੇ ਤਰਜਮਾਨ ਖਾਲਿਦ ਮੁਜਾਹਿਦ ਨੇ ਇਸ ਨੂੰ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਸਜਿਦ ’ਚ ਨਮਾਜ਼ ਪੜ੍ਹ ਰਹੇ ਸੁਰੱਖਿਆ ਬਲਾਂ ਦੇ ਹਮਾਇਤੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਜਾਪਦਾ ਹੈ। ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਸਜਿਦ ’ਚ ਸੂਫੀਆਂ ਦੇ ਸ਼ਰਧਾਲੂ ਅਕਸਰ ਇਕੱਠੇ ਹੁੰਦੇ ਰਹਿੰਦੇ ਹਨ। ਪੁਲੀਸ ਅਤੇ ਫ਼ੌਜੀਆਂ ’ਤੇ ਵੱਡੀ ਗਿਣਤੀ ’ਚ ਹਮਲੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੋਰਸੀ ਨੂੰ 2013 ’ਚ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਵਧੇ ਹਨ। ਉਸ ਸਮੇਂ ਤੋਂ ਲੈ ਕੇ ਹੁਣ ਤਕ ਸੁਰੱਖਿਆ ਬਲਾਂ ਦੇ 700 ਜਵਾਨ ਮਾਰੇ ਜਾ ਚੁੱਕੇ ਹਨ। ਫ਼ੌਜ ਵੱਲੋਂ ਇਲਾਕੇ ’ਚ ਸੁਰੱਖਿਆ ਮੁਹਿੰਮ ਛੇੜੀ ਗਈ ਸੀ ਜਿਸ ਦੌਰਾਨ ਕਈ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਗਿਆ। ਇਨ੍ਹਾਂ ਟਿਕਾਣਿਆਂ ’ਚ ਉਹ ਸੁਰੰਗਾਂ ਵੀ ਸ਼ਾਮਲ ਹਨ ਜੋ ਗਾਜ਼ਾ ਪੱਟੀ ਨੂੰ ਜਾਂਦੀਆਂ ਸਨ। ਮਿਸਰ ’ਚ ਇਸ ਸਾਲ ਦਹਿਸ਼ਤੀ ਹਮਲਿਆਂ ਦੌਰਾਨ ਵੱਡੀ ਗਿਣਤੀ ’ਚ ਜਾਨਾਂ ਗਈਆਂ ਹਨ। 26 ਮਈ ਨੂੰ ਬੰਦੂਕਧਾਰੀਆਂ ਨੇ ਮੱਧ ਮਿਸਰ ’ਚ ਬੱਸ ’ਚ ਲੈ ਕੇ ਜਾ ਰਹੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਹਮਲੇ ’ਚ 28 ਵਿਅਕਤੀ ਹਲਾਕ ਹੋ ਗਏ ਸਨ ਜਦਕਿ 25 ਹੋਰ ਜ਼ਖ਼ਮੀ ਹੋ ਗਏ ਸਨ। 9 ਅਪਰੈਲ ਨੂੰ ਅਲੈਗਜ਼ੈਂਡਰੀਆ ਅਤੇ ਤਾਂਤਾ ਸ਼ਹਿਰਾਂ ’ਚ ਗਿਰਜਾ ਘਰਾਂ ’ਤੇ ਹੋਏ ਦੋ ਫਿਦਾਈਨ ਹਮਲਿਆਂ ’ਚ 46 ਵਿਅਕਤੀ ਹਲਾਕ ਹੋ ਗਏ ਸਨ।

You May Also Like

Leave a Reply

Your email address will not be published. Required fields are marked *