ਝੂਠੇ ਮੁਕਾਬਲੇ ਡਰੋਂ ਗੈਂਗਸਟਰ ਰਵੀ ਦਿਓਲ ਵੱਲੋਂ ਸਮਰਪਣ

ਸੰਗਰੂਰ: ਪੰਜਾਬ ਪੁਲੀਸ ਨੂੰ ਜਗਦੀਸ਼ ਭੋਲਾ ਡਰੱਗ ਤਸਕਰੀ ਸਮੇਤ ਤਕਰੀਬਨ 12 ਕੇਸਾਂ ’ਚ ਲੋੜੀਂਦੇ ਤੇ 11 ਸਾਲਾਂ ਤੋਂ ਭਗੌੜੇ ਗੈਂਗਸਟਰ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਨੇ ਅੱਜ ਬਾਅਦ ਦੁਪਹਿਰ ਸਾਢੇ 12 ਵਜੇ ਇਥੇ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਜੇ.ਐਸ. ਮਹਿੰਦੀਰੱਤਾ ਦੀ ਅਦਾਲਤ ’ਚ ਸਮਰਪਣ ਕਰ ਦਿੱਤਾ। ਅਦਾਲਤ ਨੇ ਸੰਗਰੂਰ ਪੁਲੀਸ ਨੂੰ ਇਸ ਬਾਰੇ ਸੂਚਨਾ ਦਿੱਤੀ, ਜਿਸ ਬਾਅਦ ਪੁਲੀਸ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਅਦਾਲਤ ’ਚ ਪੇਸ਼ ਕੀਤਾ ਅਤੇ 10 ਦਿਨ ਦਾ ਪੁਲੀਸ ਰਿਮਾਂਡ ਮੰਗਿਆ ਪਰ ਅਦਾਲਤ ਨੇ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਰਵੀ ਦਿਓਲ ਅਨੁਸਾਰ ਉਸ ਨੇ ਪੰਜਾਬ ਪੁਲੀਸ ਦੇ ਝੂਠੇ ਮੁਕਾਬਲੇ ਡਰੋਂ ਸਮਰਮਣ ਕੀਤਾ ਹੈ। ਜ਼ਿਕਰਯੋਗ ਹੈ ਕਿ ਰਵੀ ਕੌਮੀ ਪੱਧਰ ਦਾ ਮੁੱਕੇਬਾਜ਼ ਰਿਹਾ ਹੈ ਅਤੇ ਗਾਇਕ ਵਜੋਂ ਵੀ ਨਾਮਣਾ ਖੱਟ ਚੁੱਕਾ ਹੈ। ਉਸ ਦਾ ਗੀਤ ‘ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ’ ਕਾਫ਼ੀ ਮਕਬੂਲ ਹੋਇਆ ਸੀ। ਜਾਣਕਾਰੀ ਅਨੁਸਾਰ ਭੋਲਾ ਡਰੱਗ ਕੇਸ ’ਚ ਫਤਹਿਗੜ੍ਹ ਸਾਹਿਬ ਪੁਲੀਸ ਨੇ ਅਪਰੈਲ 2013 ਵਿੱਚ ਕੇਸ ਦਰਜ ਕੀਤਾ ਸੀ, ਜਿਸ ’ਚ ਰਵੀ ਦਿਓਲ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਉਸ ਸਮੇਂ ਪੁਲੀਸ ਨੇ ਰਵੀ ਦੀ ਸੰਗਰੂਰ ਸਥਿਤ ਰਿਹਾਇਸ਼ ’ਤੇ ਛਾਪੇ ਮਾਰੇ ਸਨ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਘਰੋਂ 5 ਕਿਲੋ ਆਈਸ ਅਤੇ 90 ਕਿਲੋ ਸੂਡੋਫੈਡਰਾਈਨ ਬਰਾਮਦ ਹੋਈ ਹੈ। ਇਸ ਕੇਸ ’ਚ ਰਵੀ ਦਾ ਜੀਜਾ ਰਾਮ ਸਿੰਘ ਵੀ ਨਾਮਜ਼ਦ ਸੀ, ਜੋ ਪੰਜਾਬ ਪੁਲੀਸ ’ਚ ਹੌਲਦਾਰ ਸੀ। ਰਾਮ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਗੈਂਗਸਟਰ ਰਵੀ ਨੇ ਵਕੀਲ ਅਸ਼ਵਨੀ ਚੌਧਰੀ ਤੇ ਰਾਜ ਕੁਮਾਰ ਗੋਇਲ ਰਾਹੀਂ ਸਮਰਪਣ ਕੀਤਾ ਹੈ। ਐਡਵੋਕੇਟ ਅਸ਼ਵਨੀ ਨੇ ਦੱਸਿਆ ਕਿ ਰਵੀ ਖ਼ਿਲਾਫ਼ ਇਰਾਦਾ ਕਤਲ, ਲੜਾਈ ਝਗੜੇ ਆਦਿ ਦੇ ਕਰੀਬ ਅੱਠ ਕੇਸ ਸੰਗਰੂਰ ’ਚ ਅਤੇ ਐਨਡੀਪੀਐਸ ਐਕਟ ਤਹਿਤ ਚਾਰ ਕੇਸ ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਦਰਜ ਹਨ। ਉਨ੍ਹਾਂ ਕਿਹਾ ਕਿ ਰਵੀ ਨੇ ਇਸ ਡਰੋਂ ਸਮਰਪਣ ਕੀਤਾ ਹੈ ਕਿ ਕਿਤੇ ਪੁਲੀਸ ਉਸ ਨੂੰ ਝੂਠੇ ਮੁਕਾਬਲੇ ’ਚ ਨਾ ਮਾਰ ਦੇਵੇ। ਉਹ ਹੁਣ ਸ਼ਾਂਤੀ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ 2007 ਬਾਅਦ ਰਵੀ ਮੁੰਬਈ ਚਲਾ ਗਿਆ ਸੀ, ਜਿਥੇ ਉਹ ਫਿਲਮ ਜਗਤ ਵਿੱਚ ਬਤੌਰ ਕਲਾਕਾਰ ਸਥਾਪਤ ਹੋਣ ਲਈ ਸੰਘਰਸ਼ ਕਰਦਾ ਰਿਹਾ। 2010 ਤੋਂ 2012 ਤਕ ਉਹ ਫਿਲਮ ਇੰਸਟੀਚਿਊਟ ਵਿੱਚ ਰਿਹਾ ਹੈ।  ਉਨ੍ਹਾਂ ਦੱਸਿਆ ਕਿ 2017 ਬਾਅਦ ਰਵੀ ਦਿਓਲ ਅੱਜ ਪਹਿਲੀ ਵਾਰ ਸੰਗਰੂਰ ਆਇਆ ਹੈ।

You May Also Like

Leave a Reply

Your email address will not be published. Required fields are marked *