ਟਰੰਪ-ਕਿਮ ਦੀ ਹੈਨੋਈ ਵਾਰਤਾ ਬੇਨਤੀਜਾ ਰਹੀ

ਹੈਨੋਈ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਵਿਚਾਲੇ ਐਟਮੀ ਮੁੱਦੇ ਉੱਤੇ ਸਿਖਰ ਵਾਰਤਾ ਬਿਨਾਂ ਸਮਝੌਤੇ ਤੋਂ ਕੱਲ੍ਹ ਸਮਾਪਤ ਹੋ ਗਈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਿਮ ਜੌਂਗ ਦੀਆਂ ਪਾਬੰਦੀਆਂ ਹਟਾਉਣ ਬਾਰੇ ਮੰਗਾਂ ਨੂੰ ਦੇਖਦੇ ਹੋਏ ਉਥੋਂ ਜਾਣ ਦਾ ਫੈਸਲਾ ਲਿਆ। ਇਸ ਤੋਂ ਪਹਿਲਾਂ ਦੋਵਾਂ ਆਗੂਆਂ ਵਿਚਾਲੇ ਸਿੰਗਾਪੁਰ ਵਿੱਚ ਹੋਏ ਪਹਿਲੇ ਇਤਿਹਾਸਕ ਸਿਖਰ ਸੰਮੇਲਨ ਪਿੱਛੋਂ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ, ਪਰ ਦੂਜੀ ਮੀਟਿੰਗ ਵਿੱਚ ਦੋਵੇਂ ਆਗੂ ਕਿਸੇ ਸਮਝੌਤੇ ‘ਤੇ ਨਹੀਂ ਪੁੱਜ ਸਕੇ ਅਤੇ ਗੱਲਬਾਤ ਬਿਨਾਂ ਕਿਸੇ ਸਿੱਟੇ ਤੋਂ ਮੁੱਕ ਗਈ। ਪਹਿਲਾਂ ਦੋਵੇਂ ਆਗੂਆਂ ਵੱਲੋਂ ਸਾਂਝੇ ਸਮਝੌਤੇ ‘ਤੇ ਦਸਖਤ ਕਰਨਾ ਤੈਅ ਸੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਕਈ ਵਾਰ ਤੁਹਾਨੂੰ ਉਠ ਕੇ ਜਾਣਾ ਪੈਂਦਾ ਹੈ ਅਤੇ ਇਹ ਇਕ ਅਜਿਹਾ ਹੀ ਮੌਕਾ ਸੀ।’ ਉਨ੍ਹਾਂ ਕਿਹਾ, ‘ਅਸਲ ਵਿੱਚ ਉਹ ਚਾਹੁੰਦੇ ਸਨ ਕਿ ਪਾਬੰਦੀਆਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੀਆਂ ਜਾਣ, ਪਰ ਅਸੀਂ ਅਜਿਹਾ ਨਹੀਂ ਕਰ ਸਕਦੇ ਸੀ।’ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਨੇ ਸੰਮੇਲਨ ਤੋਂ ਪਹਿਲਾਂ ਅਤੇ ਸੰਮੇਲਨ ਦੌਰਾਨ ਜੋ ਗੱਲਬਾਤ ਕੀਤੀ ਹੈ, ਉਸ ਨਾਲ ਉਹ ਭਵਿੱਖ ਵਿੱਚ ਚੰਗੇ ਨਤੀਜਿਆਂ ਦੀ ਆਸ ਰੱਖਣ ਦੀ ਸਥਿਤੀ ਵਿੱਚ ਆ ਗਏ ਹਨ। ਉਨ੍ਹਾਂ ਕਿਹਾ, ‘ਮੈਂ ਕਾਹਲ ਕਰਨ ਦੀ ਥਾਂ ਸਹੀ ਕਰਨ ਨੂੰ ਪਹਿਲ ਦੇਵਾਂਗਾ।’ ਉਨ੍ਹਾਂ ਦੱਸਿਆ ਕਿ ਕਿਮ ਨੇ ਐਟਮੀ ਜਾਂ ਬਲਿਸਟਿਕ ਮਿਜ਼ਾਈਲਾਂ ਦੀ ਪਰਖ ਫਿਰ ਤੋਂ ਸ਼ੁਰੂ ਨਾ ਕਰਨ ਦਾ ਵਾਅਦਾ ਕੀਤਾ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ਉਨ੍ਹਾਂ ਸਫਲਤਾ ਲਈ ਜ਼ਰੂਰੀ ਦੱਸਿਆ ਸੀ। ਉਨ੍ਹਾਂ ਆਪਣੇ ਕਰੀਬੀ ਰਿਸ਼ਤੇ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਕਿਮ ਨਾਲ ਤੀਜੇ ਸਿਖਰ ਸੰਮੇਲਨ ਦਾ ਅਜੇ ਕੋਈ ਪ੍ਰਸਤਾਵ ਨਹੀਂ ਹੈ। ਟਰੰਪ ਨੇ ਕਿਹਾ, ‘ਅਸੀਂ ਇਕ ਦੂਜੇ ਨੂੰ ਪਸੰਦ ਕਰਦੇ ਹਾਂ, ਸਾਡੇ ਰਿਸ਼ਤੇ ਵਿੱਚ ਨਿੱਘ ਹੈ ਅਤੇ ਮੈਨੂੰ ਆਸ ਹੈ ਕਿ ਇਹ ਬਣਿਆ ਰਹੇਗਾ।’  ਹੈਨੋਈ ਵਾਰਤਾ ਦੇ ਨਤੀਜੇ ਆਸ ਮੁਤਾਬਕ ਨਾ ਆਉਣ ਕਰਕੇ ਆਲੋਚਕਾਂ ਨੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਦੋਵਾਂ ਆਗੂਆਂ ਦੀ ਸਿੰਗਾਪੁਰ ਮੀਟਿੰਗ ਵਿੱਚ ਠੋਸ ਗੱਲਬਾਤ ਘੱਟ ਹੋਈ ਸੀ ਅਤੇ ਦਿਖਾਵਾ ਜ਼ਿਆਦਾ ਸੀ।

You May Also Like

Leave a Reply

Your email address will not be published. Required fields are marked *