ਟਰੰਪ ਤੇ ਬਿਡੇਨ ‘ਚ ਨਹੀਂ ਹੋਵੇਗੀ ਦੂਜੀ ਬਹਿਸ

ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਵਿਰੋਧੀ ਜੋ ਬਿਡੇਨ ਵਿਚਕਾਰ 15 ਅਕਤੂਬਰ ਨੂੰ ਹੋਣ ਵਾਲੀ ਦੂਜੀ ਬਹਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਡਿਬੇਟ ਕਮਿਸ਼ਨ ਨੇ ਇਸ ਦਾ ਰਸਮੀ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਵੱਲੋਂ ਵਰਚੁਅਲ ਬਹਿਸ ਵਿਚ ਹਿੱਸਾ ਲੈਣ ਤੋਂ ਇਨਕਾਰ ਪਿੱਛੋਂ ਇਹ ਫ਼ੈਸਲਾ ਲਿਆ ਗਿਆ ਹੈ। ਹੁਣ ਦੋਵਾਂ ਵਿਚਕਾਰ ਤੀਜੀ ਅਤੇ ਆਖਰੀ ਬਹਿਸ 22 ਅਕਤੂਬਰ ਨੂੰ ਹੋਵੇਗੀ। ਦੋਵਾਂ ਆਗੂਆਂ ਵਿਚਕਾਰ ਪਹਿਲੀ ਬਹਿਸ 29 ਸਤੰਬਰ ਨੂੰ ਓਹਾਇਓ ਦੇ ਕਲੀਵਲੈਂਡ ਵਿਚ ਹੋਈ ਸੀ। ਦੱਸਣਯੋਗ ਹੈ ਕਿ ਅਮਰੀਕਾ ਵਿਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਾਂ ਪਾਈਆਂ ਜਾਣੀਆਂ ਹਨ।

‘ਕਮਿਸ਼ਨ ਆਨ ਪ੍ਰੈਜ਼ੀਡੈਂਸ਼ੀਅਲ ਡਿਬੇਟ’ (ਸੀਪੀਡੀ) ਨੇ ਇਕ ਬਿਆਨ ਵਿਚ ਕਿਹਾ ਕਿ 15 ਅਕਤੂਬਰ ਨੂੰ ਫਲੋਰੀਡਾ ਦੇ ਮਿਆਮੀ ਵਿਚ ਹੋਣ ਵਾਲੀ ਦੂਜੀ ਬਹਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਅਸੀਂ 22 ਅਕਤੂਬਰ ਨੂੰ ਟੈਨੇਸੀ ਦੇ ਨੈਸ਼ਵਿਲੇ ਵਿਚ ਹੋਣ ਵਾਲੀ ਤੀਜੀ ਅਤੇ ਅੰਤਿਮ ਬਹਿਸ ਦੀ ਤਿਆਰੀ ਕਰ ਰਹੇ ਹਾਂ। ਇਸ ਫ਼ੈਸਲੇ ‘ਤੇ ਟਰੰਪ ਕੰਪੇਨ ਨੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਡਿਬੇਟ ਕਮਿਸ਼ਨ ਉਨ੍ਹਾਂ ਦੇ ਖ਼ਿਲਾਫ਼ ਪੱਖਪਾਤਪੂਰਣ ਰਵੱਈਆ ਅਪਣਾ ਰਿਹਾ ਹੈ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਨਾਂ ਕਿਸੇ ਰੁਕਾਵਟ ਦੇ ਇਹ ਬਹਿਸ ਰੱਦ ਕਰ ਦਿੱਤੀ ਗਈ ਜਦਕਿ ਰਾਸ਼ਟਰਪਤੀ ਟਰੰਪ ਇਸ ਬਹਿਸ ਲਈ ਤਿਆਰ ਸਨ। ਉਧਰ, ਬਿਡੇਨ ਕੰਪੇਨ ਨੇ ਟਰੰਪ ਦੇ ਬਹਿਸ ‘ਚ ਹਿੱਸਾ ਨਾ ਲੈਣ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਟਰੰਪ ਇਸ ਲਈ ਬਹਿਸ ਤੋਂ ਭੱਜ ਰਹੇ ਹਨ ਕਿਉਂਕਿ ਵੋਟਰ ਉਨ੍ਹਾਂ ਤੋਂ ਸਵਾਲ ਪੁੱਛਣਗੇ। ਦੱਸਣਯੋਗ ਹੈ ਕਿ ਪਿਛਲੇ ਵੀਰਵਾਰ ਨੂੰ ਰਾਸ਼ਟਰਪਤੀ ਟਰੰਪ ਅਤੇ ਪ੍ਰਥਮ ਮਹਿਲਾ ਮੇਲਾਨੀਆ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਪਿੱਛੋਂ ਦੋਵੇਂ ਵ੍ਹਾਈਟ ਹਾਊਸ ਵਿਚ ਹੀ ਕੁਆਰੰਟਾਈਨ ਹੋ ਗਏ ਸਨ। ਸ਼ੁੱਕਰਵਾਰ ਨੂੰ ਟਰੰਪ ਦੀ ਤਬੀਅਤ ਵਿਗੜਨ ਕਰਕੇ ਉਨ੍ਹਾਂ ਨੂੰ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਸੋਮਵਾਰ ਦੇਰ ਰਾਤ ਛੁੱਟੀ ਮਿਲੀ। ਇਸ ਦੌਰਾਨ ਬਿਡੇਨ ਨੇ ਕਿਹਾ ਕਿ ਜੇਕਰ ਟਰੰਪ ਅਜੇ ਵੀ ਇਨਫੈਕਟਿਡ ਹਨ ਤਾਂ ਉਹ 15 ਅਕਤੂਬਰ ਨੂੰ ਹੋਣ ਵਾਲੀ ਬਹਿਸ ਵਿਚ ਸ਼ਾਮਲ ਨਹੀਂ ਹੋਣਗੇ। ਇਸ ਪਿੱਛੋਂ ਡਿਬੇਟ ਕਮਿਸ਼ਨ ਨੇ ਵਰਚੁਅਲ ਬਹਿਸ ਦਾ ਪ੍ਰੋਗਰਾਮ ਤਿਆਰ ਕੀਤਾ ਪ੍ਰੰਤੂ ਟਰੰਪ ਨੇ ਇਹ ਕਹਿੰਦੇ ਹੋਏ ਇਸ ਨੂੰ ਠੁਕਰਾ ਦਿੱਤਾ ਕਿ ਇਸ ਵਿਚ ਸ਼ਾਮਲ ਹੋਣਾ ਸਮੇਂ ਦੀ ਬਰਬਾਦੀ ਹੈ।

You May Also Like

Leave a Reply

Your email address will not be published. Required fields are marked *