ਡੇਰਾ ਮੁਖੀ ਦੀ ਫ਼ਿਲਮ ਰਿਲੀਜ਼ ਕਰਵਾਉਣ ਲਈ ਚਲਾਈ ਗੋਲੀ: ਜਾਖੜ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਧਰਨਾ ਦੇ ਰਹੇ ਸ਼ਰਧਾਲੂਆਂ ’ਤੇ ਗੋਲੀ ਚਲਾਉਣ ਦਾ ਹੁਕਮ ਦੇਣ ਪਿੱਛੇ ਅਸਲ ਮੰਤਵ ਡੇਰਾ ਸਿਰਸਾ ਮੁਖੀ ਦੀ ਫ਼ਿਲਮ ਰਿਲੀਜ਼ ਕਰਵਾਉਣ ਵਿੱਚ ਹੋ ਰਹੀ ਦੇਰੀ ਨੂੰ ਰੋਕਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਫਿਲਮ ਰਿਲੀਜ਼ ਕਰਵਾਉਣ ਬਦਲੇ ਪੈਸੇ ਦਾ ਲੈਣ-ਦੇਣ ਵੀ ਹੋਇਆ ਸੀ। ਅੱਜ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਠ ਸਾਲ ਤੱਕ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਸਿੱਖ ਪੰਥ ਦਾ ਕੋਈ ਵਾਹ-ਵਾਸਤਾ ਨਹੀਂ ਰਿਹਾ ਤੇ ਉਸ ਨੂੰ ਮੁਆਫ਼ੀ ਦੇਣ ਦਾ ਕੰਮ ਕੁਝ ਹੋਰ ਦਿਨ ਟਾਲਿਆ ਵੀ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਸ੍ਰੀ ਜਾਖੜ ਨੇ ਕਿਹਾ ਕਿ ਤਤਕਾਲੀ ਉਪ ਮੁੱਖ ਮੰਤਰੀ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ’ਚ ਕਾਹਲੀ ਕਰਨ ਪਿੱਛੇ ਮੁੱਖ ਕਾਰਨ ਫ਼ਿਲਮ ਦੀ ਰਿਲੀਜ਼ ਸੀ। ਉਨ੍ਹਾਂ ਕਿਹਾ ਕਿ 24 ਸਤੰਬਰ 2015 ਨੂੰ ਵੀਰਵਾਰ ਦਾ ਦਿਨ ਸੀ ਤੇ ਦੇਸ਼ ਵਿੱਚ ਫ਼ਿਲਮਾਂ ਸ਼ੁੱਕਰਵਾਰ ਨੂੰ ਹੀ ਰਿਲੀਜ਼ ਹੁੰਦੀਆਂ ਹਨ। ਅਗਲਾ ਦਿਨ ਸ਼ੁੱਕਰਵਾਰ ਸੀ ਅਤੇ ਇਸ ਕਰਕੇ ਮੁਆਫ਼ੀ ਦਿਵਾਉਣ ਲਈ ਕਾਹਲੀ ਕੀਤੀ ਗਈ ਤੇ ਇਸ ਦਾ ਮਕਸਦ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਸੁਖਬੀਰ ਸਿੰਘ ਬਾਦਲ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਬਣਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸ੍ਰੀ ਜਾਖੜ ਕੋਲ ਇਸ ਤਰ੍ਹਾਂ ਦੀ ਪੁਖ਼ਤਾ ਸੂਚਨਾ ਸੀ ਤਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਹਲਫ਼ੀਆ ਬਿਆਨ ਦਾਇਰ ਕਰਕੇ ਦੇਣੀ ਚਾਹੀਦੀ ਸੀ। ਦੋਸ਼ ਲਾਉਣ ਦੀ ਥਾਂ ਉਹ ਕਮਿਸ਼ਨ ਕੋਲ ਪੇਸ਼ ਹੁੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ ’ਤੇ ਸਸਤੀ ਰਾਜਨੀਤੀ ਕਰਨ ’ਤੇ ਉਤਾਰੂ ਹੈ।

You May Also Like

Leave a Reply

Your email address will not be published. Required fields are marked *