ਤਹਿਰਾਨ ਪੁੱਜੇ ਰਾਜਨਾਥ ਨੇ ਭਾਰਤ-ਈਰਾਨ ਰਿਸ਼ਤੇ ‘ਚ ਵਧਾਈ ਗਰਮਾਹਟ

ਜਾਗਰਣ ਬਿਊਰੋ, ਨਵੀਂ ਦਿੱਲੀ : ਮਾਸਕੋ ਤੋਂ ਪਰਤਦੇ ਹੋਏ ਅਚਾਨਕ ਸੰਖੇਪ ਤਹਿਰਾਨ ਯਾਤਰਾ ‘ਤੇ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਈਰਾਨੀ ਰੱਖਿਆ ਮੰਤਰੀ ਬਿ੍ਗੇਡੀਅਰ ਜਨਰਲ ਅਮੀਰ ਹਟਾਮੀ ਨਾਲ ਆਪਣੀ ਗੱਲਬਾਤ ਨੂੰ ਬੇਹੱਦ ਲਾਭਦਾਇਕ ਕਰਾਰ ਦਿੱਤਾ ਹੈ। ਰੱਖਿਆ ਮੰਤਰੀ ਨੇ ਇਸ ਦੌਰਾਨ ਈਰਾਨੀ ਰੱਖਿਆ ਮੰਤਰੀ ਨਾਲ ਅਫ਼ਗਾਨਿਸਤਾਨ ਦੇ ਸੁਰੱਖਿਆ ਹਾਲਾਤ ਤੋਂ ਲੈ ਕੇ ਫਾਰਸ ਦੀ ਖਾੜੀ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਜੁੜੇ ਮਹੱਤਵਪੂਰਣ ਮਸਲਿਆਂ ‘ਤੇ ਚਰਚਾ ਕੀਤੀ। ਅਮਰੀਕਾ ਨਾਲ ਤਣਾਅ ਕਾਰਨ ਚੀਨ ਨਾਲ ਈਰਾਨ ਦੀਆਂ ਵੱਧ ਰਹੀਆਂ ਕਾਰੋਬਾਰੀ ਨਜ਼ਦੀਕੀਆਂ ਦੇ ਮੱਦੇਨਜ਼ਰ ਵੀ ਰਾਜਨਾਥ ਸਿੰਘ ਦੀ ਇਸ ਸੰਖੇਪ ਯਾਤਰਾ ਦੇ ਮਾਇਨੇ ਹਨ।

ਰਾਜਨਾਥ ਸਿੰਘ ਨੇ ਤਹਿਰਾਨ ਵਿਚ ਈਰਾਨੀ ਰੱਖਿਆ ਮੰਤਰੀ ਨਾਲ ਆਪਣੀ ਸਫਲ ਮੀਟਿੰਗ ਦੀ ਜਾਣਕਾਰੀ ਟਵਿੱਟਰ ‘ਤੇ ਸਾਂਝੀ ਕਰਦਿਆਂ ਕਿਹਾ ਕਿ ਖੇਤਰੀ ਸੁਰੱਖਿਆ ਦੇ ਮੁੱਦਿਆਂ ‘ਤੇ ਚਰਚਾ ਹੋਈ। ਇਸ ਵਿਚ ਵਿਸ਼ੇਸ਼ ਤੌਰ ‘ਤੇ ਅਫ਼ਗਾਨਿਸਤਾਨ ਦੇ ਮੁੱਦੇ ਦੇ ਇਲਾਵਾ ਭਾਰਤ-ਈਰਾਨ ਦੇ ਦੋਪੱਖੀ ਸਹਿਯੋਗ ਨਾਲ ਜੁੜੇ ਮਸਲਿਆਂ ‘ਤੇ ਚਰਚਾ ਦੀ ਜਾਣਕਾਰੀ ਦਿੱਤੀ। ਖ਼ਾਸ ਗੱਲ ਇਹ ਰਹੀ ਕਿ ਰਾਜਨਾਥ ਸਿੰਘ ਦੀ ਇਹ ਮੁਲਾਕਾਤ ਈਰਾਨੀ ਰੱਖਿਆ ਮੰਤਰੀ ਦੀ ਵਿਸ਼ੇਸ਼ ਬੇਨਤੀ ‘ਤੇ ਹੋਈ। ਮਾਸਕੋ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ਤੋਂ ਦੇਸ਼ ਪਰਤ ਰਹੇ ਰਾਜਨਾਥ ਸਿੰਘ ਸ਼ਨਿਚਰਵਾਰ ਨੂੰ ਤਹਿਰਾਨ ਵਿਚ ਰੁਕੇ ਅਤੇ ਇਸ ਦੌਰਾਨ ਉਨ੍ਹਾਂ ਦੀ ਬਿ੍ਗੇਡੀਅਰ ਹਟਾਮੀ ਨਾਲ ਦੋਪੱਖੀ ਗੱਲਬਾਤ ਹੋਈ।

ਰੱਖਿਆ ਮੰਤਰਾਲੇ ਨੇ ਇਸ ਬੈਠਕ ਦੇ ਸੰਦਰਭ ਵਿਚ ਇਕ ਸੰਖੇਪ ਬਿਆਨ ਵਿਚ ਐਤਵਾਰ ਨੂੰ ਦੱਸਿਆ ਕਿ ਦੋਵਾਂ ਰੱਖਿਆ ਮੰਤਰੀਆਂ ਦੀ ਮੁਲਾਕਾਤ ਸਦਭਾਵਨਾ ਅਤੇ ਗਰਮਜੋਸ਼ੀ ਦੇ ਮਾਹੌਲ ਵਿਚ ਹੋਈ। ਦੋਵਾਂ ਆਗੂਆਂ ਨੇ ਇਸ ਦੌਰਾਨ ਭਾਰਤ-ਈਰਾਨ ਦੇ ਸਦੀਆਂ ਪੁਰਾਣੇ ਸੰਸਕ੍ਰਿਤਕ, ਭਾਸ਼ਾਈ ਅਤੇ ਸੱਭਿਆਚਾਰਕ ਮੇਲਜੋਲ ‘ਤੇ ਜ਼ੋਰ ਦਿੰਦੇ ਹੋਏ ਦੱਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਦੀ ਗੱਲ ਕਹੀ। ਕੋਰੋਨਾ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਕੂਟਨੀਤਕ ਮੇਲ-ਮਿਲਾਪਾਂ ਵਿਚ ਆਏ ਠਹਿਰਾਉ ਦੇ ਦੌਰ ਵਿਚ ਰਾਜਨਾਥ ਸਿੰਘ ਈਰਾਨ ਦੀ ਯਾਤਰਾ ਕਰਨ ਵਾਲੇ ਭਾਰਤ ਸਰਕਾਰ ਦੇ ਸਭ ਤੋਂ ਸੀਨੀਅਰ ਨੁਮਾਇੰਦੇ ਹਨ।

You May Also Like

Leave a Reply

Your email address will not be published. Required fields are marked *