ਤੇਲ ਉਤਪਾਦਨ ਵਿੱਚ ‘ਇਤਿਹਾਸਕ’ ਕਟੌਤੀ ਦਾ ਐਲਾਨ

ਵੀਏਨਾ, 13 ਅਪਰੈਲ
ਕਰੋਨਾਵਾਇਰਸ ਸੰਕਟ ਅਤੇ ਰੂਸ-ਸਾਊਦੀ ਅਰਬ ’ਚ ਕੀਮਤਾਂ ਨੂੰ ਲੈ ਕੇ ਟਕਰਾਅ ਤੋਂ ਝੰਬੇ ਮੁਲਕ ਤੇਲ ਦੀਆਂ ਕੀਮਤਾਂ ਵਧਾਉਣ ਲਈ ਉਤਪਾਦਨ ’ਚ ‘ਇਤਿਹਾਸਕ’ ਕਟੌਤੀ ਨੂੰ ਰਾਜ਼ੀ ਹੋ ਗਏ ਹਨ। ਇਸ ਫ਼ੈਸਲੇ ਨਾਲ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਚੜ੍ਹ ਗਈਆਂ। ਏਸ਼ਿਆਈ ਬਾਜ਼ਾਰਾਂ ’ਚ ਅਮਰੀਕੀ ਬੈਂਚਮਾਰਕ ਡਬਲਿਊਟੀਆਈ ਸ਼ੁਰੂਆਤੀ ਕਾਰੋਬਾਰ ਦੌਰਾਨ 7.7 ਫ਼ੀਸਦ ਵਧ ਕੇ 24.52 ਡਾਲਰ ਪ੍ਰਤੀ ਬੈਰਲ ਹੋ ਗਿਆ ਜਦਕਿ ਬ੍ਰੈਂਟ ਕਰੂਡ ਪੰਜ ਫ਼ੀਸਦ ਦੀ ਤੇਜ਼ੀ ਨਾਲ 33.08 ਡਾਲਰ ਪ੍ਰਤੀ ਬੈਰਲ ’ਤੇ ਸੀ। ਸਾਊਦੀ ਅਰਬ ਦੇ ਦਬਦਬੇ ਵਾਲੇ ਓਪੇਕ ਮੁਲਕ ਅਤੇ ਰੂਸ ਦੀ ਅਗਵਾਈ ਹੇਠਲੇ ਭਾਈਵਾਲ ਐਤਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਸਮਝੌਤੇ ’ਤੇ ਅਪੜੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੋਏ ਸਮਝੌਤੇ ’ਚ ਮੈਕਸਿਕੋ ਨੇ ਅੜਿੱਕੇ ਡਾਹੇ ਸਨ। ਮੈਕਸਿਕੋ ਦੇ ਊਰਜਾ ਮੰਤਰੀ ਰੋਸੀਓ ਨਾਹਲੇ ਮੁਤਾਬਕ ਐਤਵਾਰ ਨੂੰ ਹੋਏ ਸਮਝੌਤੇ ਤਹਿਤ ਮਈ ’ਚ ਰੋਜ਼ਾਨਾ 97 ਲੱਖ ਬੈਰਲ ਤੇਲ ਦੇ ਉਤਪਾਦਨ ’ਚ ਕਟੌਤੀ ਕੀਤੀ ਜਾਵੇਗੀ। ਪਹਿਲਾਂ ਰੋਜ਼ਾਨਾ 100 ਲੱਖ ਬੈਰਲ ਤੇਲ ਉਤਪਾਦਨ ’ਚ ਕਟੌਤੀ ਦਾ ਫ਼ੈਸਲਾ ਲਿਆ ਗਿਆ ਸੀ। ਓਪੇਕ ਦੇ ਸਕੱਤਰ ਜਨਰਲ ਮੁਹੰਮਦ ਬਾਰਕਿੰਡੋ ਨੇ ਕਟੌਤੀ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ਸਮਝੌਤੇ ਤਹਿਤ ਅਪਰੈਲ 2022 ਤਕ ਤੇਲ ਉਤਪਾਦਨ ’ਚ ਕਟੌਤੀ ਜਾਰੀ ਰੱਖੀ ਜਾਵੇਗੀ। ਬਾਰਕਿੰਡੋ ਨੇ ਕਿਹਾ ਕਿ ਜੀ-20 ਮੁਲਕਾਂ ਦੇ ਸਹਿਯੋਗ ਨਾਲ ਆਲਮੀ ਗੱਠਜੋੜ ਦਾ ਰਾਹ ਪੱਧਰਾ ਹੋਇਆ ਹੈ। ਸਾਊਦੀ ਅਰਬ ਦੇ ਊਰਜਾ ਮੰਤਰੀ ਅਬਦੁੱਲ ਅਜ਼ੀਜ਼ ਬਿਨ ਸਲਮਾਨ ਨੇ ਕਿਹਾ ਕਿ ਵਾਰਤਾ ਦੌਰਾਨ ਸਰਬਸੰਮਤੀ ਨਾਲ ਫ਼ੈਸਲੇ ਲਏ ਗਏ। ਉਨ੍ਹਾਂ ਰੂਸ ਅਤੇ ਅਲਜੀਰੀਆ ਦੇ ਹਮਰੁਤਬਾ ਨਾਲ ਇਸ ਬਾਰੇ ਬੈਠਕ ਕੀਤੀ ਸੀ। ਕੈਨੇਡਾ ਦੇ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਸੀਮਸ ਓ’ਰੀਗਨ ਨੇ ਟਵੀਟ ਕਰਕੇ ਆਲਮੀ ਤੇਲ ਮੰਡੀ ’ਚ ਸਥਿਰਤਾ ਲਿਆਉਣ ਦੇ ਕੀਤੇ ਗਏ ਉਪਰਾਲਿਆਂ ਦਾ ਸਵਾਗਤ ਕੀਤਾ ਹੈ। ਕਰੋਨਾਵਾਇਰਸ ਕਰਕੇ ਸਾਲ ਦੇ ਸ਼ੁਰੂ ਤੋਂ ਹੀ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ ਕਿਉਂਕਿ ਲੌਕਡਾਊਨ ਕਰਕੇ ਕਈ ਮੁਲਕਾਂ ’ਚ ਤੇਲ ਦੀ ਖਪਤ ਘੱਟ ਗਈ ਸੀ। ਰੂਸ ਦੇ ਊਰਜਾ ਮੰਤਰੀ ਅਲੈਗਜ਼ੈਂਡਰ ਨੋਵਾਕ ਦੇ ਹਵਾਲੇ ਨਾਲ ਰੂਸੀ ਖ਼ਬਰ ਏਜੰਸੀ ਤਾਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਾਲ ਦੇ ਅਖੀਰ ਤਕ ਤੇਲ ਦੀਆਂ ਕੀਮਤਾਂ ’ਚ ਸੁਧਾਰ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ ਹੈ।

You May Also Like

Leave a Reply

Your email address will not be published. Required fields are marked *