ਦਰਬਾਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

ਅੰਮ੍ਰਿਤਸਰ, 13 ਅਪਰੈਲ
ਕਰੋਨਾਵਾਇਰਸ ਕਾਰਨ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਰੰਗ ਅੱਜ ਇਥੇ ਦਰਬਾਰ ਸਾਹਿਬ ਵਿਖੇ ਫਿੱਕਾ ਹੀ ਰਿਹਾ। ਨਾਂਮਾਤਰ ਸੰਗਤ ਹੀ ਦਰਬਾਰ ਸਾਹਿਬ ਪੁੱਜੀ ਤੇ ਮੱਥਾ ਟੇਕਿਆ। ਇਸ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਦੇ ਆਦੇਸ਼ ਮੁਤਾਬਕ ਸਿੱਖ ਸੰਗਤ ਨੇ ਘਰਾਂ ਵਿਚ ਰਹਿ ਕੇ ਗੁਰਬਾਣੀ ਦਾ ਪਾਠ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਖ਼ਾਲਸਾ ਸਾਜਨਾ ਦਿਵਸ ਮੌਕੇ ਇਥੇ ਤਿੰਨ ਦਿਨ ਨਿਰੰਤਰ ਮੰਜੀ ਸਾਹਿਬ ਦੀਵਾਨ ਹਾਲ ਵਿਚ ਅਤੇ ਅਕਾਲ ਤਖਤ ਵਿਖੇ ਦੀਵਾਨ ਸਜਾਏ ਜਾਂਦੇ ਹਨ ਅਤੇ ਵਿਸ਼ੇਸ਼ ਤੌਰ ’ਤੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ। ਪਰ ਇਸ ਵਾਰ ਇਹ ਸਾਰੇ ਸਮਾਗਮ ਮਨਫੀ ਹਨ। ਕਰਫਿਊ ਕਾਰਨ ਦਰਬਾਰ ਸਾਹਿਬ ਆਉਣ ਵਾਲੇ ਰਸਤਿਆਂ ’ਤੇ ਪੁਲੀਸ ਨੇ ਰੋਕਾਂ ਲਾਈਆਂ ਹੋਈਆਂ ਹਨ। ਦੋ ਦਿਨ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿ ਕੇ ਹੀ ਪਾਠ ਕਰ ਕੇ ਇਹ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ਕਾਰਨ ਅੱਜ ਦਰਬਾਰ ਸਾਹਿਬ ਵਿਚ ਨਾਂਮਾਤਰ ਸੰਗਤ ਹੀ ਪੁੱਜੀ। ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਮੌਕੇ  ਸਜਦੇ ਵਿਸ਼ੇਸ਼ ਦੀਵਾਨ ਅਤੇ ਅੰਮ੍ਰਿਤ ਸੰਚਾਰ ਇਸ ਵਾਰ ਰੱਦ ਕਰ ਦਿੱਤੇ ਗਏ ਹਨ। ਰਾਤ ਨੂੰ ਦੀਪਮਾਲਾ ਹੋਵੇਗੀ ਪਰ ਆਤਿਸ਼ਬਾਜੀ ਨਹੀਂ ਚਲਾਈ ਜਾਵੇਗੀ। ਇਸ ਦੌਰਾਨ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਆਪਣੇ ਘਰ ਵਿਚ ਹੀ ਵਿਸਾਖੀ ਮਨਾਈ ਤੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

You May Also Like

Leave a Reply

Your email address will not be published. Required fields are marked *