ਦੀਪ ਸਿੱਧੂ ਤੇ ਲੱਖਾ ਸਿਧਾਣਾ ਸੋਸ਼ਲ ਮੀਡੀਆ `ਤੇ ਸਫਾਈਆਂ ਦੇਣ ਲੱਗੇ

ਲੁਧਿਆਣਾ, 29 ਜਨਵਰੀ (ਪੋਸਟ ਬਿਊਰੋ)- ਬੀਤੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਲਾਲ ਕਿਲੇ `ਤੇ ਹੋਏ ਘਟਨਾਕ੍ਰਮ ਲਈ ਕਿਸਾਨ ਜਥੇਬੰਦੀਆਂ ਤੇ ਹੋਰਨਾਂ ਲੋਕਾਂ ਵੱਲੋਂ ਦੀਪ ਸਿੱਧੂ ਤੇ ਲੱਖਾਂ ਸਿਧਾਣਾ ਨੂੰ ਜ਼ਿੰਮੇਵਾਰ ਦੱਸਣ ਪਿੱਛੋਂ ਅਦਾਕਾਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਸੋਸ਼ਲ ਮੀਡੀਆ `ਤੇ ਲਾਈਵ ਹੋ ਕੇ ਆਪਣਾ ਪੱਖ ਰੱਖ ਰਹੇ ਹਨ। ਦੋਵਾਂ ਨੇ ਪੰਜਾਬੀਆਂ ਨੂੰ ਏਕਾ ਬਣਾ ਕੇ ਇਸ ਅੰਦੋਲਨ ਨੂੰ ਜਿੱਤਣ ਦੀ ਅਪੀਲ ਕੀਤੀ ਹੈ।
ਵਰਨਣ ਯੋਗ ਹੈ ਕਿ ਲਾਲ ਕਿਲੇ ਉਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾਏ ਜਾਣ ਲਈ ਦੀਪ ਸਿੱਧੂ ਨੂੰ ਵੱਖ-ਵੱਖ ਵੀਡੀਓਜ਼ ਰਾਹੀਂ ਸਿੱਧਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਕਿਸਾਨ ਜਥੇਬੰਦੀਆਂ ਨੇ ਵੀ ਪ੍ਰੈੱਸ ਕਾਨਫਰੰਸ ਕਰ ਕੇ ਸਾਫ ਕਹਿ ਦਿੱਤਾ ਸੀ ਕਿ ਦੀਪ ਸਿੱਧੂ ਕਰ ਕੇ ਕਿਸਾਨੀ ਸੰਘਰਸ਼ ਨੂੰ ਢਾਹ ਲੱਗੀ ਹੈ। ਇਸ ਮਗਰੋਂ ਰਾਤ ਕਰੀਬ ਇੱਕ ਵਜੇ ਦੀਪ ਸਿੱਧੂ ਆਪਣੀ ਸਫਾਈ ਦੇਣ ਲਈ ਫੇਸਬੁਕ `ਤੇ ਲਾਈਵ ਹੋਇਆ ਅਤੇ ਉਸ ਨੇ 26 ਜਨਵਰੀ ਨੂੰ ਲਾਲ ਕਿਲੇ `ਤੇ ਹੋਈ ਘਟਨਾ ਬਾਰੇ ਸਫਾਈ ਦੇਂਦਿਆਂ ਕਿਹਾ ਕਿ ਉਹ ਗੱਦਾਰ ਨਹੀਂ ਹੈ। ਉਸ ਨੇ ਕਿਸਾਨਾਂ ਤੇ ਪੰਜਾਬੀਆਂ ਨੂੰ ਕਿਸਾਨ ਅੰਦੋਲਨ ਦੀ ਜਿੱਤ ਲਈ ਡਰੇ ਟਹਿਣ ਤੇ ਏਕਾ ਰੱਖਣ ਦੀ ਅਪੀਲ ਕੀਤੀ ਹੈ। ਉਸ ਦੀ ਇਸ ਵੀਡੀਓ ਵਿੱਚ ਦੀਪ ਸਿੱਧੂ ਨੇ ਕਿਹਾ ਕਿ ਉਸ ਦੇ ਖਿਲਾਫ ਕੂੜ ਪ੍ਰਚਾਰ ਚੱਲ ਰਿਹਾ ਹੈ, ਉਹ ਹਾਲੇ ਵੀ ਸਿੰਘੂ ਬਾਰਡਰ `ਤੇ ਹੈ, ਜਦ ਕਿ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈਕਿ ਉਹ ਸੰਘਰਸ਼ ਵਿੱਚੋਂ ਭਗੌੜਾ ਹੋ ਗਿਆ ਹੈ। ਉਸ ਨੇ ਕਿਹਾ ਕਿ 25 ਜਨਵਰੀ ਦੀ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਸੰਗਤ ਦੇ ਹੁਕਮ ਉੱਤੇ ਉਸ ਨੇ ਐਲਾਨ ਕੀਤਾ ਸੀ ਕਿ ਸਭ ਸਵੇਰੇ ਦਿੱਲੀ ਜਾਣਗੇ ਤਾਂ ਫਿਰ ਇਹ ਕਿਉਂ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਉਸ ਇਕੱਲੇ ਨੇ ਲਿਆ ਹੈ। ਉਸ ਨੇ ਕਿਹਾ ਕਿ ਜਦੋਂ 26 ਜਨਵਰੀ ਨੂੰ ਉਹ ਲਾਲ ਕਿਲੇ `ਤੇ ਪੁੱਜੇ ਸਨ, ਉਦੋਂ ਤੱਕ ਸੰਗਤ ਗੇਟ ਤੋੜ ਚੁੱਕੀ ਸੀ, ਸੈਂਕੜੇ ਟਰੈਕਟਰ ਤੇ ਲੋਕ ਲਾਲ ਕਿਲੇ ਦੇ ਅੰਦਰ ਸਨ, ਪਰ ਉਸ ਵੇਲੇ ਕੋਈ ਕਿਸਾਨ ਆਗੂ ਓਥੇ ਨਹੀਂ ਸੀ। ਨੌਜਵਾਨਾਂ ਨੇ ਤਿਰੰਗੇ ਦੇ ਨਾਲ ਖਾਲੀ ਖੰਭੇ `ਤੇ ਪਹਿਲਾਂ ਨਿਸ਼ਾਨ ਸਾਹਿਬ ਤੇ ਫਿਰ ਕਿਸਾਨੀ ਝੰਡਾ ਲਹਿਰਾਇਆ, ਕਿਸੇ ਨੇ ਕੋਈ ਹਿੰਸਾ ਨਹੀਂ ਕੀਤੀ ਤੇ ਨਾ ਤੋੜਭੰਨ ਹੋਈ। ਉਸ ਨੇ ਕਿਹਾ ਕਿ ਉਸ ਨੂੰ ਲਗਾਤਾਰ ਆਰ ਐਸ ਐਸ ਅਤੇ ਭਾਜਪਾ ਦਾ ਬੰਦਾ ਕਿਹਾ ਜਾ ਰਿਹਾ ਹੈ, ਪਰ ਆਰ ਐਸ ਐਸ ਦਾ ਬੰਦਾ ਲਾਲ ਕਿਲੇ ਉਤੇ ਝੰਡਾ ਕਿਉਂ ਲਹਿਰਾਏਗਾ। ਉਸ ਨੇ ਦਾਅਵਾ ਕੀਤਾ ਕਿ ਸਰਕਾਰ ਉਸ ਨੂੰ ਮਰਵਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਉਸ ਨੇ ਕਿਹਾ ਕਿ ਸਾਡਾ ਮਕਸਦ ਸਿਰਫ ਇਸ ਮੋਰਚੇ ਨੂੰ ਜਿੱਤਣਾ ਹੈ, ਜਿਸ ਲਈ ਏਕਾ ਬਣਾ ਕੇ ਰੱਖੋ।
ਕੱਲ੍ਹ ਬਾਅਦ ਦੁਪਹਿਰੇ ਲੱਖਾ ਸਿਧਾਣਾ ਨੇ ਕਿਸਾਨ ਕੈਂਪ ਤੋਂ ਲਾਈਵ ਹੋ ਕੇ ਪੰਜਾਬੀਆਂ ਨੂੰ ਅੰਦੋਲਨ ਵਿੱਚ ਪਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੋ ਵੀ ਹੋਇਆ, ਉਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਸ ਨੇ ਆਖਿਆ ਕਿ ਜਦੋਂ ਵੀ ਸਰਕਾਰ ਦੇ ਖਿਲਾਫ ਅਜਿਹੇ ਵੱਡੇ ਸੰਘਰਸ਼ ਹੁੰਦੇ ਹਨ ਤਾਂ ਅਜਿਹੀਆਂ ਸਾਜ਼ਿਸ਼ਾਂ ਹੁੰਦੀਆਂ ਹਨ। ਇਹ ਸਮਾਂ ਇਹ ਦੇਖਣ ਦਾ ਨਹੀਂ ਕਿ ਕਿਸ ਨੇ ਕੀ ਕੀਤਾ ਹੈ, ਸਗੋਂ ਇਕਜੁਟ ਹੋ ਕੇ ਅੰਦੋਲਨ ਨੂੰ ਬਚਾਉਣ ਦਾ ਹੈ। ਲੱਖਾ ਸਿਧਾਣਾ ਨੇ ਕਿਹਾ, ‘ਮੈਨੂੰ ਗੱਦਾਰ ਆਖਿਆ ਜਾ ਰਿਹਾ ਹੈ, ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ, ਜੋ ਮਰਜ਼ੀ ਆਖ ਲਓ। ਅੰਦੋਲਨ ਜਿੱਤਣ ਮਗਰੋਂ ਭਾਵੇੇਂ ਮੇਰੇ ਮੱਥੇ ਉਤੇ ਗੱਦਾਰ ਲਿਖ ਦਿਓ, ਪਰ ਇਸ ਵੇਲੇ ਲੋੜ ਹੈ ਕਿ ਅਸੀਂ ਕਿਸੇ ਤਰ੍ਹਾਂ ਅੰਦੋਲਨ ਨੂੰ ਬਚਾਈਏ।`

You May Also Like

Leave a Reply

Your email address will not be published. Required fields are marked *