ਦੇਸ਼ ਦੀ ਏਕਤਾ ਨੂੰ ਚੁਣੌਤੀ ਬਰਦਾਸ਼ਤ ਨਹੀਂ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦ੍ਰਿੜ੍ਹ ਸੁਨੇਹਾ ਦਿੰਦਿਆਂ ਆਖਿਆ ਕਿ ਭਾਰਤ ਦੀ ਪ੍ਰਭੂਤਾ ਤੇ ਏਕਤਾ ਲਈ ਚੁਣੌਤੀ ਪੈਦਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਇਸ ਟਿੱਪਣੀ ਨੂੰ ਕੈਨੇਡਾ ਦੇ ਖ਼ਾਲਿਸਤਾਨੀਆਂ ਪ੍ਰਤੀ ਨਰਮ ਰੁਖ਼ ’ਤੇ ਤਿੱਖੀ ਚੋਟ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਦੋਵਾਂ ਪ੍ਰਧਾਨ ਮੰਤਰੀਆਂ ਨੇ ਵੱਖ-ਵੱਖ ਮੁੱਦਿਆਂ ’ਤੇ ਵਿਆਪਕ ਗੱਲਬਾਤ ਕੀਤੀ। ਰਾਸ਼ਟਰਪਤੀ ਭਵਨ ਵਿੱਚ ਸ੍ਰੀ ਟਰੂਡੋ ਦਾ ਰਸਮੀ ਸਵਾਗਤ ਕੀਤਾ ਗਿਆ, ਜਿਸ ਦੌਰਾਨ ਸ੍ਰੀ ਮੋਦੀ ਨੇ ਉਨ੍ਹਾਂ ਦਾ ਗਲਵੱਕੜੀ ਪਾ ਕੇ ਨਿੱਘਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਆਖਿਆ, ‘‘ਧਰਮ ਨੂੰ ਸਿਆਸੀ ਟੀਚਿਆਂ ਲਈ ਵਰਤਣ ਤੇ ਫੁੱਟ ਪਾਉਣ ਵਾਲਿਆਂ ਲਈ ਸਮਾਜ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਜੋ ਵੀ ਸਾਡੇ ਮੁਲਕਾਂ ਦੀ ਪ੍ਰਭੂਤਾ, ਏਕਤਾ ਤੇ ਅਖੰਡਤਾ ਨੂੰ ਵੰਗਾਰਨਗੇ, ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ ਊਰਜਾ, ਸੂਚਨਾ ਤਕਨਾਲੋਜੀ, ਵਪਾਰ, ਸਾਇੰਸ ਤੇ ਖੇਡਾਂ ਆਦਿ ਵਿੱਚ ਸਹਿਯੋਗ ਵਧਾਉਣ ਲਈ ਛੇ ਸਮਝੌਤਿਆਂ ’ਤੇ ਵੀ ਸਹੀ ਪਾਈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸ੍ਰੀ ਟਰੂਡੋ ਨਾਲ ਗੱਲਬਾਤ ਕੀਤੀ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਤੇ ਸ੍ਰੀ ਟਰੂਡੋ ਦਰਮਿਆਨ   ਦਹਿਸ਼ਤਗਰਦੀ ਤੇ ਵੱਖਵਾਦ ਦੇ ਟਾਕਰੇ ਲਈ ਰਜ਼ਾਮੰਦੀ ਬਣੀ ਹੈ। ਦੋਵਾਂ ਮੁਲਕਾਂ ਦੇ ਕੌਮੀ ਸਲਾਮਤੀ ਸਲਾਹਕਾਰਾਂ ਨੇ ‘ਦਹਿਸ਼ਤਗਰਦੀ ਅਤੇ ਹਿੰਸਕ ਵੱਖਵਾਦ ਦੇ ਟਾਕਰੇ ਲਈ ਸਹਿਯੋਗ ਸਬੰਧੀ ਰੂਪ-ਰੇਖਾ’ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਦਸਤਾਵੇਜ਼ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ, ਸਿੱਖ ਯੂਥ ਫੈਡਰੇਸ਼ਨ ਤੋਂ ਇਲਾਵਾ ਲਸ਼ਕਰੇ-ਤੋਇਬਾ ਅਤੇ ਆਧਾਰਤ ਜੈਸ਼-ਏ-ਮੁਹੰਮਦ ਆਦਿ ਤੋਂ ਦਰਪੇਸ਼ ਦਹਿਸ਼ਤੀ ਖ਼ਤਰਿਆਂ ਨੂੰ ਨਾਕਾਮ ਕਰਨ ਦਾ ਅਹਿਦ ਕੀਤਾ ਹੈ। ਇਸ ਦੌਰਾਨ ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੀ ਖ਼ੁਫ਼ੀਆ ਏਜੰਸੀ ਨੂੰ ਜਸਪਾਲ ਅਟਵਾਲ ਵੱਲੋਂ ਸ੍ਰੀ ਟਰੂਡੋ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੇ ਜਾਣ ਦੇ ਮਾੜੇ ਸਿੱਟਿਆਂ ਬਾਰੇ ਖ਼ਬਰਦਾਰ ਕੀਤਾ ਗਿਆ ਸੀ। ਗ਼ੌਰਤਲਬ ਹੈ ਕਿ ਸਜ਼ਾਯਾਫ਼ਤਾ ਖ਼ਾਲਿਸਤਾਨੀ ਅਟਵਾਲ ਨੂੰ ਬੀਤੇ ਦਿਨ ਇਥੇ ਕੈਨੇਡੀਅਨ ਹਾਈ ਕਮਿਸ਼ਨ ਵਿੱਚ ਰਾਤਰੀ ਭੋਜ ਲਈ ਸੱਦਾ ਦਿੱਤੇ ਜਾਣ ਕਾਰਨ ਵਿਵਾਦ ਪੈਦਾ ਹੋ ਗਿਆ ਸੀ। ਰਿਪੋਰਟਾਂ ਮੁਤਾਬਕ ਅਟਵਾਲ ਬਾਰੇ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀਐਸਆਈਐਸ) ਨੂੰ ਇਹ ਜਾਣਕਾਰੀ 17 ਫਰਵਰੀ ਨੂੰ ਦਿੱਤੀ ਗਈ ਸੀ।

You May Also Like

Leave a Reply

Your email address will not be published. Required fields are marked *