ਦੋ ਪੰਜਾਬੀਆਂ ਕੋਲੋਂ ਕੈਨੇਡੀਅਨ ਪੁਲਸ ਨੇ ਫੜੀ ਨਸ਼ਿਆਂ ਦੀ ਪੰਡ, ਹੋਰ ਸਾਥੀਆਂ ਦੀ ਭਾਲ ਜਾਰੀ

ਕੈਲਗਰੀ(ਏਜੰਸੀ)— ਕੈਨੇਡਾ ‘ਚ ਰਹਿ ਰਹੇ ਪੰਜਾਬੀ ਭਾਈਚਾਰੇ ਦਾ ਸਿਰ ਇਕ ਵਾਰ ਫਿਰ ਉਸ ਸਮੇਂ ਨੀਂਵਾਂ ਹੋ ਗਿਆ, ਜਦ ਕੈਨੇਡੀਅਨ ਪੁਲਸ ਨੇ ਕੈਲਗਰੀ ‘ਚ ਦੋ ਪੰਜਾਬੀਆਂ ਕੋਲੋਂ ਨਸ਼ਿਆਂ ਦੀ ਪੰਡ ਫੜੀ ਹੈ। ਇਨ੍ਹਾਂ ਦੀ ਕੀਮਤ ਲਗਭਗ 80 ਲੱਖ ਡਾਲਰ ਹੈ। ਕਿਹਾ ਜਾ ਰਿਹਾ ਹੈ ਕਿ ਕੈਲਗਰੀ ਦੇ ਇਤਿਹਾਸ ‘ਚ ਇਹ ਪਹਿਲਾ ਮਾਮਲਾ ਹੈ ਕਿ ਨਸ਼ਿਆਂ ਦੀ ਇੰਨੀ ਵੱਡੀ ਖੇਪ ਫੜੀ ਗਈ ਹੋਵੇ। ਪੁਲਸ ਨੇ ਬੀਤੇ ਦਿਨੀਂ ਇਨ੍ਹਾਂ ਦੋਹਾਂ ਪੰਜਾਬੀਆਂ 23 ਸਾਲਾ ਨਵਜੋਤ ਸਿੰਘ ਅਤੇ 20 ਸਾਲਾ ਗੁਰਜੀਤ ਘੋਤੜਾ ਨੂੰ ਹਿਰਾਸਤ ‘ਚ ਲਿਆ। ਜਾਣਕਾਰੀ ਮੁਤਾਬਕ ਤੜਕੇ 3 ਵਜੇ ਡੌਜ ਕਾਰਵਾਂ ਰੋਡ ‘ਤੇ ਪੁਲਸ ਨੇ ਨਾਕਾ ਲਗਾਇਆ ਸੀ ਅਤੇ ਇਸ ਦੌਰਾਨ ਜਦ ਉਨ੍ਹਾਂ ਨੇ ਇਨ੍ਹਾਂ ਪੰਜਾਬੀਆਂ ਦੇ ਵਾਹਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਹ ਨਸ਼ੀਲੇ ਪਦਾਰਥ ਮਿਲੇ। ਬਰਾਮਦ ਨਸ਼ੀਲੇ ਪਦਾਰਥਾਂ ‘ਚ 66 ਕਿਲੋ ਕੋਕੀਨ ਅਤੇ 30 ਕਿਲੋ ਮੈਂਥਫੈਟਾਮਾਈਨ ਸ਼ਾਮਲ ਹਨ। ਪੁਲਸ ਸਰਵਿਸ ਕ੍ਰਿਮੀਨਲ ਨੈੱਟਵਰਕ ਸੈਕਸ਼ਨ ਦੇ ਇੰਸਪੈਕਟਰ ਕੀਥ ਕੇਨ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਦੋਹਾਂ ਨਸ਼ਾ ਤਸਕਰਾਂ ਕੋਲੋਂ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ 41,000 ਨਕਦ ਡਾਲਰ ਵੀ ਜ਼ਬਤ ਕੀਤੇ ਹਨ। ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ  10,000 ਡਾਲਰ ਪ੍ਰਤੀ ਦੋਸ਼ੀ ਨਕਦ ਜਮ੍ਹਾ ਕਰਵਾਉਣ ਤੋਂ ਇਲਾਵਾ 25,000 ਡਾਲਰ ਦੀ ਜਾਇਦਾਦ ਦੇ ਰੂਪ ‘ਚ ਜਾਤੀ ਮੁੱਚਲਕਾ ਭਰਨ ਦਾ ਹੁਕਮ ਦੇ ਕੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ। ਅਦਾਲਤ ਨੇ ਉਨ੍ਹਾਂ ਨੂੰ ਆਪਣੇ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਰਾਤ ਸਮੇਂ ਬਾਹਰ ਨਹੀਂ ਨਿਕਲਣਗੇ। ਫਿਲਹਾਲ ਉਨ੍ਹਾਂ ਨੂੰ 2 ਨਵੰਬਰ ਲਈ ਅਗਲੀ ਪੇਸ਼ੀ ‘ਤੇ ਸੱਦਿਆ ਗਿਆ ਹੈ।

You May Also Like

Leave a Reply

Your email address will not be published. Required fields are marked *