‘ਦੰਗਲ’ ਅਦਾਕਾਰਾ ਨਾਲ ਹਵਾਈ ਜਹਾਜ਼ ’ਚ ਛੇੜਛਾੜ

ਮੁੰਬਈ: 17 ਵਰ੍ਹਿਆਂ ਦੀ ਅਦਾਕਾਰਾ ਜ਼ਾਇਰਾ ਵਸੀਮ ਨੇ ਦੋਸ਼ ਲਾਇਆ ਹੈ ਕਿ ਦਿੱਲੀ ਤੋਂ ਮੁੰਬਈ ਆ ਰਹੀ ਵਿਸਤਾਰਾ ਏਅਰਲਾਈਨਜ਼ ਦੀ ਉਡਾਣ ’ਚ ਪਿੱਛੇ ਬੈਠੇ ਇਕ ਮੁਸਾਫ਼ਰ ਨੇ ਉਸ ਨਾਲ ਛੇੜਖਾਨੀ ਕੀਤੀ ਜਿਸ ਦਾ ਨੋਟਿਸ ਲੈਂਦਿਆਂ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਨੇ ਇਸ ‘ਸ਼ਰਮਨਾਕ’ ਘਟਨਾ ਦੀ ਜਾਂਚ ਮੰਗੀ ਹੈ। ਇਸੇ ਦੌਰਾਨ ਪੁਲੀਸ ਨੇ ਮੁਲਜ਼ਮ ਵਿਕਾਸ ਸਚਦੇਵ (39)  ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਕਮਿਸ਼ਨਰ ਅਨਿਲ ਕੁੰਭਾਰੇ ਅਨੁਸਾਰ ਮੁਲਜ਼ਮ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।  ਪੁਲੀਸ ਅਨੁਸਾਰ ਮੁਲਜ਼ਮ ਖ਼ਿਲਾਫ਼ ਧਾਰਾ 354 ਅਤੇ ਪੋਕਸੋ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਹਵਾਈ ਕੰਪਨੀ ਨੇ ਜ਼ਾਇਰਾ ਤੋਂ ਘਟਨਾ ਲਈ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਉਸ ਨੇ ਡੀਜੀਸੀਏ ਨੂੰ ਇਸ ਘਟਨਾ ਦੀ ਰਿਪੋਰਟ ਸੌਂਪ ਦਿੱਤੀ ਹੈ ਅਤੇ ਅਜਿਹੇ ਸ਼ਰਮਨਾਕ ਵਤੀਰੇ ਲਈ ਕੋਈ ਥਾਂ ਨਹੀਂ ਹੈ। ਫਿਲਮ ‘ਦੰਗਲ’ ਦੀ ਅਦਾਕਾਰਾ ਨੇ ਜਦੋਂ ਇੰਸਟਾਗ੍ਰਾਮ ’ਤੇ ਵੀਡੀਓ ਪਾਇਆ ਤਾਂ ਸ਼ਰਮਨਾਕ ਹਰਕਤ ਦਾ ਖ਼ੁਲਾਸਾ ਹੋਇਆ। ਜ਼ਾਇਰਾ ਨੇ ਦੱਸਿਆ ਕਿ ਉਸ ਦੀ ਸੀਟ ਪਿੱਛੇ ਬੈਠੇ ਮੁਸਾਫ਼ਰ ਨੇ ਦੋ ਘੰਟੇ ਦੇ ਸਫ਼ਰ ਨੂੰ ਨਰਕ ਬਣਾ ਦਿੱਤਾ ਸੀ। ਉਸ ਨੇ ਮੁਲਜ਼ਮ ਦੀ ਹਰਕਤ ਨੂੰ ਫੋਨ ’ਚ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੀ। ਜ਼ਾਇਰਾ ਮੁਤਾਬਕ ਜਹਾਜ਼ ਅੰਦਰ ਬੱਤੀਆਂ ਬੁਝਣ ਮਗਰੋਂ ਉਸ ਵਿਅਕਤੀ ਨੇ   ਛੇੜਖਾਨੀ ਸ਼ੁਰੂ ਕੀਤੀ ਅਤੇ ਉਸ ਨੇ ਮੋਢੇ ਦੱਬਣੇ ਅਤੇ ਪਿੱਠ ਅਤੇ ਗਲੇ ਨੂੰ ਪੈਰਾਂ ਨਾਲ ਰਗੜਨਾ ਸ਼ੁਰੂ ਕਰ ਦਿੱਤਾ। ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਸਾਬਕਾ ਮੁੱਖ ਮੰਤਰੀ ਉਮਰ ਫਾਰੂਕ ਨੇ ਦੋਸ਼ੀ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਮੁਲਜ਼ਮ ਨੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਉਹ ਦਿੱਲੀ ਕਿਸੇ ਦੇ ਸਸਕਾਰ ਵਿੱਚ ਸ਼ਾਮਲ ਹੋਣ ਗਿਆ ਸੀ ਤੇ ਥੱਕਿਆ ਹੋਣ ਕਰਕੇ ਉਹ ਫਲਾਈਟ ਵਿੱਚ ਸੌਂ ਰਿਹਾ ਸੀ ਅਤੇ ਗਲਤੀ ਨਾਲ ਉਸ ਦਾ ਪੈਰ ਲੱਗ ਗਿਆ।

You May Also Like

Leave a Reply

Your email address will not be published. Required fields are marked *