ਨਾਫਟਾ ਗੱਲਬਾਤ ‘ਤੇ ਮੰਡਰਾ ਰਿਹੈ ਟਰੰਪ ਦੀਆਂ ਧਮਕੀਆਂ ਦਾ ਖਤਰਾ

ਓਟਾਵਾ— ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਨੂੰ ਨਵੇਂ ਸਿਰੇ ਤੋਂ ਸਿਰਜਣ ਲਈ ਤੀਜੇ ਗੇੜ ਦੀ ਗੱਲਬਾਤ ਬਿਨਾਂ ਕਿਸੇ ਸਕਾਰਾਤਮਕ ਮੋੜ ਦੇ ਬੁੱਧਵਾਰ ਨੂੰ ਖ਼ਤਮ ਹੋ ਗਈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀਆਂ ਧਮਕੀਆਂ ਦਾ ਸਾਇਆ ਨਾਫਟਾ ਸਬੰਧੀ ਗੱਲਬਾਤ ‘ਤੇ ਮੰਡਰਾ ਰਿਹਾ ਹੈ।
ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਗੱਲਬਾਤ ਦੀ ਹੌਲੀ ਰਫਤਾਰ ਅਮਰੀਕਾ ਵੱਲੋਂ ਠੋਸ ਪ੍ਰਸਤਾਵ ਨਾ ਲਿਆਂਦੇ ਜਾਣ ਕਾਰਨ ਹੀ ਹੈ। ਇਸ ਤੋਂ ਇਲਾਵਾ ਅਮਰੀਕਾ ‘ਚ ਕਈ ਤਰ੍ਹਾਂ ਦੀ ਅੰਦਰੂਨੀ ਵੰਡੀਆਂ ਕਾਰਨ ਵੀ ਇਸ ਗੱਲਬਾਤ ਦੀ ਤੋਰ ਢਿੱਲੀ ਮੱਠੀ ਦੱਸੀ ਜਾ ਰਹੀ ਹੈ। ਪਰ ਇਸ ਦੇ ਨਾਲ ਹੀ ਕੁੱਝ ਕੈਨੇਡੀਅਨ ਵਾਰਤਾਕਾਰਾਂ ਦੀ ਘੱਟ ਦਿਲਚਸਪੀ ਸਬੰਧੀ ਸ਼ਿਕਾਇਤ ਵੀ ਸੁਣਨ ਨੂੰ ਮਿਲ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇ ਇਸ ਸਾਲ ਦੇ ਅੰਤ ਤੱਕ ਟਰੰਪ ਨੂੰ ਇਸ ਡੀਲ ‘ਚ ਅਮਰੀਕਾ ਲਈ ਕੋਈ ਫਾਇਦਾ ਨਜ਼ਰ ਨਾ ਆਇਆ ਤਾਂ ਉਹ ਇਸ ਸਮਝੌਤੇ ਨੂੰ ਖ਼ਤਮ ਕਰਨ ਲਈ ਦਬਾਅ ਵੀ ਪਾ ਸਕਦਾ ਹੈ।
ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਦੇ ਸੀਨੀਅਰ ਮੰਤਰੀਆਂ ਨੇ ਨਿੱਕੇ ਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਅਧਿਆਏ ‘ਤੇ ਦਸਤਖ਼ਤ ਕੀਤੇ ਜਾਣ ਦੀ ਆਪਣੀ ਪ੍ਰਾਪਤੀ ਲਈ ਇੱਕ ਦੂਜੇ ਨੂੰ ਵਧਾਈ ਵੀ ਦਿੱਤੀ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਅਗਲੇ ਗੇੜ ਦੀ ਵਾਸ਼ਿੰਗਟਨ ‘ਚ ਹੋਣ ਜਾ ਰਹੀ ਗੱਲਬਾਤ ਤੋਂ ਪਹਿਲਾਂ ਉਨ੍ਹਾਂ ਨੂੰ ਮੁਕਾਬਲੇਬਾਜ਼ੀ ਵਾਲਾ ਅਧਿਆਏ ਮੁਕੰਮਲ ਕਰਨ ਦੀ ਆਸ ਹੈ। ਕਾਰੋਬਾਰਾਂ ਸਬੰਧੀ ਦੇਸ਼ਾਂ ਦੇ ਵਿਵਾਦ ਨੂੰ ਹੱਲ ਕਰਨ ਦੀ ਪ੍ਰਕਿਰਿਆ ਸਬੰਧੀ ਅਜੇ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ। ਫਿਰ ਵੀ ਫਰੀਲੈਂਡ ਨੇ ਬੁੱਧਵਾਰ ਨੂੰ ਹੁਣ ਤੱਕ ਹੋਈ ਗੱਲਬਾਤ ਨੂੰ ਕਾਫੀ ਉਸਾਰੂ ਦੱਸਿਆ। ਉਨ੍ਹਾਂ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਈ ਮਾਮਲਿਆਂ ‘ਚ ਤੇਜ਼ੀ ਨਾਲ ਗੱਲਬਾਤ ਸਿਰੇ ਚੜ੍ਹੀ ਹੈ।

You May Also Like

Leave a Reply

Your email address will not be published. Required fields are marked *