ਨਾਭਾ ਜੇਲ੍ਹ ਕਾਂਡ ਦਾ ਸਰਗਨਾ ਰੋਮੀ ਹਾਂਗਕਾਂਗ ਵਿੱਚ ਗ੍ਰਿਫ਼ਤਾਰ

ਪਟਿਆਲਾ: ਨਾਭਾ ਜੇਲ੍ਹ ਕਾਂਡ ਸਮੇਤ ਸੱਤ ਹਿੰਦੂ ਆਗੂਆਂ ਤੇ ਹੋਰਨਾਂ ਦੇ ਕਤਲਾਂ ਦੇ ਸਬੰਧ ਵਿੱਚ ਕੌਮੀ ਜਾਂਚ ਏਜੰਸੀ ਅਤੇ ਪੰਜਾਬ ਪੁਲੀਸ ਵੱਲੋਂ ਲੋੜੀਂਦਾ ਮੁਲਜ਼ਮ ਰਮਨਜੀਤ ਸਿੰਘ ਰੋਮੀ ਹਾਗਕਾਂਗ ਵਿੱਚ ਫੜਿਆ ਗਿਆ ਹੈ| ਪਟਿਆਲਾ ਪੁਲੀਸ ਦਾ ਦਾਅਵਾ ਹੈ ਕਿ ਰੋਮੀ ਦੀ ਗਿ੍ਫ਼ਤਾਰੀ ਉਨ੍ਹਾਂ ਵੱਲੋਂ ਜਾਰੀ ਕੀਤੇ ਰੈੱਡ ਕਾਰਨਰ ਨੋਟਿਸ ਤਹਿਤ ਹੀ ਹੋਈ ਹੈ ।
ਰੋਮੀ ਨੂੰ ਹਵਾਲਗੀ ਤਹਿਤ ਭਾਰਤ ਲਿਆਉਣ ਲਈ ਪਟਿਆਲਾ ਪੁਲੀਸ ਨੇ ਯਤਨ ਆਰੰਭ ਦਿੱਤੇ ਹਨ। ਪੁਲੀਸ ਸੂਤਰਾਂ ਅਨੁਸਾਰ ਰਮਨਜੀਤ ਸਿੰਘ ਰੋਮੀ ਨੇ ਜਿਥੇ ਨਾਭਾ ਜੇਲ੍ਹ ਕਾਂਡ ਦੌਰਾਨ ਵਿਦੇਸ਼ ਵਿੱਚ ਰਹਿ ਕੇ ਮੁਲਜ਼ਮਾਂ ਮਦਦ ਕੀਤੀ, ਉਥੇ ਹੀ ਫ਼ਰਾਰ ਹੋਏ ਗੈਂਗਸਟਰਾਂ ਲਈ ਬਾਅਦ ਵਿੱਚ ਵੀ ਫੰਡ ਭੇਜਣ ਸਮੇਤ ਹਾਂਗਕਾਂਗ ਵਿੱਚ ਰਹਿੰਦਿਆਂ ਹੀ ‘ਕੰਟਰੋਲ ਰੂਮ’ ਦਾ ਕੰਮ ਵੀ ਕਰਦਾ ਰਿਹਾ|
ਰੋਮੀ ਦੀ ਅੱਧੀ ਦਰਜਨ ਤੋਂ ਵੱਧ ਹਿੰਦੂ ਨੇਤਾਵਾਂ ਤੇ ਹੋਰਾਂ ਦੇ ਕਤਲਾਂ ਵਿੱਚ ਕਥਿਤ ਸ਼ਮੂਲੀਅਤ ਦਾ ਦਾਅਵਾ ਕੌਮੀ ਜਾਂਚ ਏਜੰਸੀ ਵੱਲੋਂ ਜੱਗੀ ਜੌਹਲ ਤੇ ਹੋਰਾਂ ਦੀ  ਪੁੱਛਗਿੱਛ ਦੇ ਹਵਾਲੇ ਨਾਲ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ   ਬਿਕਰਮਜੀਤ ਸਿੰਘ ਬਰਾੜ ਨੇ ਰੋਮੀ ਨੂੰ 4 ਜੂਨ 2016 ਨੂੰ ਪਿਸਤੌਲ ਤੇ ਵਿਦੇਸ਼ੀ ਏਟੀਐਮ ਕਾਰਡਾਂ ਸਮੇਤ ਕਾਬੂ ਕੀਤਾ ਸੀ| ਪੁਲੀਸ ਕੋਲ ਇਤਲਾਹ ਸੀ ਕਿ ਉਹ ਨਾਭਾ ਜੇਲ੍ਹ ਵਿੱਚ ਬੰਦ ਆਪਣੇ ਸਾਥੀ ਗੈਂਗਸਟਰਾਂ ਨੂੰ ਛੁਡਾਉਣ ਦੀ ਵਿਉਂਤਬੰਦੀ ਕਰ ਰਿਹਾ ਹੈ ਪਰ ਇਸ ਗਿ੍ਫ਼ਤਾਰੀ ਬਾਅਦ ਜਦੋਂ ਰੋਮੀ ਨੂੰ ਨਾਭਾ ਜੇਲ੍ਹ ਵਿੱਚ ਬੰਦ ਕੀਤਾ ਗਿਆ, ਤਾਂ ਉਸ ਨੇ ਗੁਰਪ੍ਰੀਤ ਸੇਖੋਂ ਨਾਲ਼ ਨਾਭਾ ਜੇਲ੍ਹ ਕਾਂਡ ਦੀ ਸਾਜ਼ਿਸ਼ ਰਚੀ| ਫਿਰ ਕੁੱਝ ਮਹੀਨਿਆਂ ਬਾਅਦ ਹੀ ਉਹ ਜ਼ਮਾਨਤ ਮਿਲਣ ਬਾਅਦ ਵਿਦੇਸ਼ ਉਡਾਰੀ ਮਾਰ ਗਿਆ, ਜਿਸ ਉਪਰੰਤ ਹੀ 27 ਨਵੰਬਰ 2016 ਨੂੰ ਨਾਭਾ ਜੇਲ੍ਹ ਬਰੇਕ ਕਾਂਡ ਦੌਰਾਨ ਚਾਰ ਗੈਂਗਸਟਰ ਅਤੇ ਦੋ ਖਾੜਕੂ ਭੱਜ ਗਏ ਸਨ| ਰੋਮੀ ਦੀ  ਜੇਲ੍ਹ ਕਾਂਡ ਵਿੱਚ ਸ਼ਮੂਲੀਅਤ ਬਾਰੇ  ਜਾਣਕਾਰੀ ਪੁਲੀਸ ਨੂੰ ਜੇਲ੍ਹੋਂ ਫ਼ਰਾਰ ਗੁਰਪ੍ਰੀਤ ਸੇਖੋਂ ਤੇ ਸਾਥੀਆਂ ਦੀ ਪੁੱਛਗਿੱੱਛ ਉਪਰੰਤ ਹੀ ਮਿਲੀ, ਜਿਸ ਤਹਿਤ ਰੋਮੀ ਦਾ ਨਾਂ ਵੀ ਕੇਸ ਵਿੱਚ ਸ਼ਾਮਲ ਕਰ ਲਿਆ ਗਿਆ| ਆਰਗੇਨਾਈਜ਼ ਕਰਾਈਮ ਕੰਟਰੋਲ ਯੂਨਿਟ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਰੋਮੀ ਦੀ ਗਿ੍ਫ਼ਤਾਰੀ ਅਤੇ ਪੁਲੀਸ ਵੱਲੋਂ ਉਸਦੀ ਸਪੁਰਦਗੀ ਲਈ ਸ਼ੁਰੂ ਕੀਤੇ ਯਤਨਾਂ ਦੀ ਪੁਸ਼ਟੀ  ਕੀਤੀ ਹੈ|

You May Also Like

Leave a Reply

Your email address will not be published. Required fields are marked *