ਲੰਡਨ (ਪੀਟੀਆਈ) : ਪੰਜਾਬ ਨੈਸ਼ਨਲ ਬੈਂਕ ਦੇ 13,500 ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ ਦੇ ਮਾਮਲੇ ਦੇ ਦੋਸ਼ੀ ਨੀਰਵ ਮੋਦੀ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਦੀ ਰਿਮਾਂਡ 24 ਮਈ ਤਕ ਲਈ ਵਧਾ ਦਿੱਤੀ। ਨੀਰਵ ਇਸ ਮਾਮਲੇ ਵਿਚ ਹਵਾਲਗੀ ਨੂੰ ਲੈ ਕੇ ਬ੍ਰਿਟੇਨ ਵਿਚ ਸੁਣਵਾਈ ਦਾ ਸਾਹਮਣਾ ਕਰ ਰਿਹਾ ਹੈ।
48 ਵਰ੍ਹਿਆਂ ਦੇ ਨੀਰਵ ਮੋਦੀ ਪਿਛਲੇ ਮਹੀਨੇ ਦੱਖਣ-ਪੱਛਮੀ ਲੰਡਨ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਹੀ ਵੈਂਡਸਵਰਥ ਜੇਲ੍ਹ ਵਿਚ ਬੰਦ ਹੈ। ਕੋਰਟ ਵਿਚ ਉਸ ਦੇ ਵਕੀਲ ਪੇਸ਼ ਹੋਏ, ਜਦਕਿ ਉਸ ਨੂੰ ਜੇਲ੍ਹ ਤੋਂ ਵੀਡੀਓ ਲਿੰਕ ਜ਼ਰੀਏ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਦੀ ਮੁੱਖ ਮੈਜਿਸਟ੍ਰੇਟ ਐਮਾ ਆਬੂਰਥਨਾਟ ਦੇ ਸਾਹਮਣੇ ਪੇਸ਼ ਕੀਤਾ ਗਿਆ।
ਕਾਲਾ ਸਵੈਟਰ ਪਹਿਨੇ ਨੀਰਵ ਅਦਾਲਤ ਵਿਚ ਸੁਣਵਾਈ ਦੌਰਾਨ ਬੇਹੱਦ ਤਣਾਅਪੂਰਨ ਲੱਗ ਰਿਹਾ ਸੀ। ਕੋਰਟ ਵਿਚ ਸੁਣਵਾਈ ਦੌਰਾਨ ਉਸ ਨੇ ਸਿਰਫ਼ ਆਪਣੇ ਨਾਂ ਦੀ ਪੁਸ਼ਟੀ ਕੀਤੀ, ਜਦਕਿ ਜੱਜ ਐਮਾ ਨੇ ਕਿਹਾ, ‘ਮਿਸਟਰ ਮੋਦੀ 24 ਮਈ ਨੂੰ ਤੁਹਾਡੀ ਵੀਡੀਓ ਲਿੰਕ ਤੋਂ ਇਕ ਹੋਰ ਸੰਖੇਪ ਸੁਣਵਾਈ ਹੋਵੇਗੀ, ਜਦਕਿ ਕੇਸ ਦੀ ਪੂਰਨ ਸੁਣਵਾਈ 30 ਮਈ ਨੂੰ ਹੋਵੇਗੀ, ਉਦੋਂ ਤੁਹਾਨੂੰ ਨਿੱਜੀ ਰੂਪ ਨਾਲ ਪੇਸ਼ ਕੀਤਾ ਜਾਵੇਗਾ।’
ਵੈਸਟਮਿੰਸਟਰ ਕੋਰਟ ਨੇ 29 ਮਾਰਚ ਨੂੰ ਨੀਰਵ ਮੋਦੀ ਦੀ ਦੂਜੀ ਜ਼ਮਾਨਤ ਅਰਜ਼ੀ ਇਸ ਆਧਾਰ ‘ਤੇ ਖ਼ਾਰਜ ਕਰ ਦਿੱਤੀ ਸੀ ਕਿ ਜੇਕਰ ਉਸ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਸ ਦੇ ਫਿਰ ਸਰੰਡਰ ਨਾ ਕਰਨ ਦਾ ਜੋਖਮ ਬਹੁਤ ਜ਼ਿਆਦਾ ਹੈ। ਇਹ ਦਲੀਲ ਭਾਰਤ ਦਾ ਪੱਖ ਰੱਖ ਰਹੀ ਕਰਾਊਨ ਪਿ੍ਰੰਸ ਸਰਵਿਸ (ਸੀਪੀਐੱਸ) ਨੇ ਭਾਰਤੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਸੀ। ਕੋਰਟ ਨੇ ਉਸ ਨੂੰ ਮੰਨ ਲਿਆ ਸੀ। ਸ਼ੁੱਕਰਵਾਰ ਨੂੰ ਹੋਈ ਸੁਣਵਾਈ ਵਿਚ ਸੀਪੀਐੱਸ ਵੱਲੋਂ ਬੈਰਿਸਟਰ ਨਿਲੋਫਰ ਬਾਵਲਾ ਮੌਜੂਦ ਸਨ।