ਨੇਪਾਲ ਨਾਲ ਨਿੱਘਾ ਰਿਸ਼ਤਾ ਪਹਿਲੀ ਤਰਜੀਹ: ਮੋਦੀ

ਜਨਕਪੁਰ (ਨੇਪਾਲ): ਭਾਰਤ ਅਤੇ ਨੇਪਾਲ ਦੇ ਪੁਰਾਣਿਕ ਸਬੰਧਾਂ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਪਾਲ ਨੂੰ ਭਰੋਸਾ ਦਿੱਤਾ ਕਿ ਗੁਆਂਢੀ ਮੁਲਕ ਨੂੰ ਪਹਿਲੀ ਤਰਜੀਹ ਦੇਣ ਦੀ ਨੀਤੀ ਵਿੱਚ ਨੇਪਾਲ ਸਿਖਰ ’ਤੇ ਹੈ। ਉਨ੍ਹਾਂ ਪਵਿੱਤਰ ਨਗਰ ਜਨਕਪੁਰ ਅਤੇ ਨੇੜਲੇ ਇਲਾਕੇ ਦੇ ਵਿਕਾਸ ਲਈ ਨੇਪਾਲ ਨੂੰ 100 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਥੇ ਆਪਣੇ ਸਨਮਾਨ ਵਿੱਚ ਕਰਵਾਏ ‘ਨਾਗਰਿਕ ਅਭਿਨੰਦਰ ਸਮਾਰੋਹ’ ਨੂੰ ਸੰਬੋਧਨ ਕਰਨ ਦੌਰਾਨ ਉਹ ਕੁਝ ਦੇਰ ਮੈਥਿਲੀ ਵਿੱਚ ਵੀ ਬੋਲੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਮਸ਼ਹੂਰ ਜਾਨਕੀ ਮੰਦਿਰ ਵਿੱਚ ਨਤਮਸਤਕ ਹੋਏ ਤੇ ਵਿਸ਼ੇਸ਼ ਪੂਜਾ ਅਰਚਨਾ ਕੀਤੀ। 20ਵੀਂ ਸਦੀ ਦੇ ਮੰਦਰ ਵਿੱਚ ਪੂਜਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਦੋ ਦਿਨਾਂ ਦੌਰੇ ’ਤੇ ਨੇਪਾਲ ਪੁੱਜੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਹਵਾਈ ਅੱਡੇ ਤੋਂ ਸਿੱਧਾ ਹਿੰਦੂ ਦੇਵੀ ਸੀਤਾ ਦੇ ਨਾਂ ’ਤੇ ਬਣੇ ਜਾਨਕੀ ਮੰਦਰ ਗਏ ਅਤੇ ਉਥੇ ਪੂਜਾ ਅਰਚਨਾ ਕੀਤੀ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਭਾਰਤੀ ਹਮਰੁਤਬਾ ਦਾ ਮੰਦਿਰ ਕੰਪਲੈਕਸ ਵਿੱਚ ਪੁੱਜਣ ’ਤੇ ਸਵਾਗਤ ਕੀਤਾ। ਮੰਦਿਰ ਦੇ ਪੁਜਾਰੀ ਰਮਤਪੇਸ਼ਵਰ ਦਾਸ ਵੈਸ਼ਨਵ ਨੇ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈੱਡੀ, ਗਿਆਨੀ ਜ਼ੈਲ ਸਿੰਘ ਅਤੇ ਪ੍ਰਣਬ ਮੁਖ਼ਰਜੀ ਵੀ ਇਸ ਮੰਦਰ ਦਾ ਦੌਰਾ ਕਰ ਚੁੱਕੇ ਹਨ।
ਜਾਨਕੀ ਮੰਦਿਰ ਦੀ ਮਹਿਮਾਨਾਂ ਲਈ ਪੁਸਤਕ ਵਿੱਚ ਉਨ੍ਹਾਂ ਲਿਖਿਆ ,‘‘ ਉਨ੍ਹਾਂ ਦੀ ਜਨਕਪੁਰ ਧਾਮ ਆਉਣ ਦੀ ਲੰਮੇ ਸਮੇਂ ਤੋਂ ਇੱਛਾ ਸੀ, ਜੋ ਅੱਜ ਪੂਰੀ ਹੋ ਗਈ ਹੈ। ਇਹ ਮੇਰੇ ਲਈ ਇਸ ਤੀਰਥ ’ਤੇ ਆਉਣ ਦਾ ਯਾਦਗਾਰ ਤਜਰਬਾ ਹੈ, ਜੋ ਨੇਪਾਲ ਅਤੇ ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ।’’ ਉਨ੍ਹਾਂ ਨੇਪਾਲ ਸਰਕਾਰ ਅਤੇ ਜਨਕਪੁਰ ਦੇ ਲੋਕਾਂ ਦਾ ਇਸ ਸ਼ਾਨਦਾਰ ਸਵਾਗਤ ਲਈ ਧੰਨਵਾਦ ਦਿੱਤਾ ਅਤੇ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਈਸ਼ਵਰ ਪੋਖਰੇਲ ਅਤੇ ਸੂਬੇ ਦੇ ਮੁੱਖ ਮੰਤਰੀ ਲਾਲਬਾਬੂ ਰਾਉਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈਣ ਲਈ ਹਵਾਈ ਅੱਡੇ ’ਤੇ ਪੁੱਜੇ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੀਜੀ ਨੇਪਾਲ ਯਾਤਰਾ ਅਤੇ ਨਵੀਂ ਨੇਪਾਲ ਸਰਕਾਰ ਬਣਨ ਤੋਂ ਬਾਅਦ ਭਾਰਤ ਦਾ ਪਹਿਲਾ ਉੱਚ ਦੌਰਾ ਹੈ। ਉਨ੍ਹਾਂ ‘ਜੈ ਸੀਆ ਰਾਮ’ ਦਾ ਤਿੰਨ ਵਾਰ ਨਾਅਰਾ ਲਗਾ ਕੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ,‘‘ ਜਦੋਂ ਵੀ ਕੋਈ ਸਮੱਸਿਆ ਆਈ ਭਾਰਤ ਅਤੇ ਨੇਪਾਲ ਇਕੱਠੇ ਖੜੇ ਰਹੇ। ਅਸੀਂ ਸਭ ਤੋਂ ਮੁਸ਼ਕਲ ਭਰੇ ਦੌਰ ਵਿੱਚ ਵੀ ਇਕ ਦੂਜੇ ਨਾਲ ਮੁਸਤੈਦੀ ਨਾਲ ਖੜ੍ਹੇ ਰਹੇ।’’  ਉਨ੍ਹਾਂ ਕਿਹਾ ਕਿ ਭਾਰਤ ਨੇਪਾਲ ਦੀ ਤਰੱਕੀ ਅਤੇ ਵਿਕਾਸ ਦਾ ਪੱਕਾ ਭਾਈਵਾਲ ਰਹੇਗਾ। ਸ੍ਰੀ ਮੋਦੀ ਨੇ ਆਪਣੇ ਨੇਪਾਲੀ ਹਮਰੁਤਬਾ ਕੇਪੀ ਸ਼ਰਮਾ ਓਲੀ ਨਾਲ ਮਿਲ ਕੇ ਜਨਕਪੁਰ ਅਤੇ ਅਯੁੱਧਿਆ ਵਿਚਾਲੇ ਸਿੱਧੀ ਬੱਸ ਸੇਵਾ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਨਕਪੁਰ ਨੂੰ ਰਾਮਾਇਣ ਸਰਕਟ ਨਾਲ ਜੋੜ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਸਰਕਟ ਨਾਲ ਧਾਰਮਿਕ ਸੈਰ-ਸਪਾਟਾ ਵਧੇਗਾ ਅਤੇ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇਪਾਲ ਅਤੇ ਭਾਰਤ ਨੂੰ ਕੌਮੀ ਸ਼ਾਹਰਾਹ, ਆਈ ਵੇਅ ਜਾਂ ਸੂਚਨਾ, ਰੇਲਵੇ , ਟਰਾਂਸ ਪੇਅ ਜਾਂ ਬਿਜਲੀ, ਜਲ ਅਤੇ ਹਵਾਈ ਰਸਤੇ ਰਾਹੀਂ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ।

You May Also Like

Leave a Reply

Your email address will not be published. Required fields are marked *