ਨੋਟਬੰਦੀ ਨੇ ਅਰਥ ਵਿਵਸਥਾ ਨੂੰ ‘ਤਬਾਹ’ ਕੀਤਾ: ਰਾਹੁਲ

ਨਵੀਂ ਦਿੱਲੀ, 8 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਐਤਵਾਰ ਨੂੰ ਦੋਸ਼ ਲਾਇਆ ਕਿ 4 ਵਰ੍ਹੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਸ ਕਾਰਵਾਈ ਦਾ ਇਰਾਦਾ ਆਪਣੇ ਕੁਝ ਸਨਅਤਕਾਰ ਦੋਸਤਾਂ ਦੀ ਮਦਦ ਕਰਨਾ ਸੀ ਅਤੇ ਉਨ੍ਹਾਂ ਦੇ ਇਸ ਫੈਸਲੇ ਨੇ ਭਾਰਤੀ ਅਰਥ ਵਿਵਸਥਾ ਨੂੰ ਤਬਾਹ ਕਰ ਦਿੱਤਾ। ਰਾਹੁਲ ਗਾਂਧੀ ਅਤੇ ਕਾਂਗਰਸ ਦੋਸ਼ ਲਾਉਂਦੀ ਰਹੀ ਹੈ ਕਿ 2016 ਵਿੱਚ ਕੀਤੀ ਗਈ ਨੋਟਬੰਦੀ ਲੋਕਾਂ ਦੇ ਹਿਤ ਵਿੱਚ ਨਹੀਂ ਸੀ ਅਤੇ ਇਸ ਦਾ ਅਰਥਚਾਰੇ ’ਤੇ ਮਾੜਾ ਅਸਰ ਪਿਆ ਹੈ। ਇਨ੍ਹਾਂ ਦੋਸ਼ਾਂ ਦਾ ਸਰਕਾਰ ਵਾਰ ਵਾਰ ਖੰਡਨ ਕਰਦੀ ਰਹੀ ਹੈ। ਨੋਟਬੰਦੀ ਦੇ ਵਿਰੋਧ ਵਿੱਚ ਪਾਰਟੀ ਦੀ ਆਨਲਾਈਨ ਮੁਹਿੰਮ ‘ ਸਪੀਕ ਅੱਪ ਅਗੇਂਸਟ ਡੈਮੋ ਡਿਜ਼ਾਸਟਰ’ ਤਹਿਤ ਜਾਰੀ ਇਕ ਵੀਡੀਓ ਵਿਚ ਰਾਹੁਲ ਨੇ ਕਿਹਾ ਕਿ ਸਵਾਲ ਇਹ ਹੈ ਕਿ ਬੰਗਲਾਦੇਸ਼ ਦਾ ਅਰਥਚਾਰਾ ਕਿਵੇਂ ਭਾਰਤੀ ਅਰਥਚਾਰੇ ਤੋਂ ਅੱਗ ਲੰਘ ਗਿਆ, ਕਿਉਂਕਿ ਇਕ ਸਮਾਂ ਸੀ ਜਦੋਂ ਭਾਰਤੀ ਅਰਥਚਾਰਾ ਦੁਨੀਆਂ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਰਥਚਾਰਿਆਂ ਵਿਚੋਂ ਇਕ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇਸ ਦਾ ਕਾਰਨ ਕਰੋਨਾ ਹੈ, ਪਰ ਜੇ ਇਹ ਵਜ੍ਹਾ ਹੈ ਤਾਂ ਕਰੋਨਾ ਬੰਗਲਾਦੇਸ਼ ਅਤੇ ਵਿਸ਼ਵ ਵਿੱਚ ਹੋਰਨਾਂ ਥਾਵਾਂ ਵਿੱਚ ਵੀ ਹੈ। ਕਾਰਨ ਕਰੋਨਾ ਨਹੀਂ ਹੈ। ਇਸ ਦਾ ਕਾਰਨ ਨੋਟਬੰਦੀ ਅਤੇ ਜੀਐਸਟੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਚਾਰ ਵਰ੍ਹੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਰਥਵਿਵਸਥਾ ’ਤੇ ਹਮਲਾ ਸ਼ੁਰੂ ਕੀਤਾ ਸੀ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਜੀ ਨੇ ਕਿਹਾ ਸੀ ਕਿ ਅਰਥਚਾਰੇ ਨੂੰ ਦੋ ਫੀਸਦੀ ਦਾ ਨੁਕਸਾਨ ਹੋਵੇਗਾ ਅਤੇ ਅਸੀਂ ਇਹ ਦੇਖਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਨੇ ਖਾਮੀਆਂ ਭਰਪੂਰ ਜੀਐਸਟੀ ਲਾਗੂ ਕੀਤਾ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰੀ ਬਰਬਾਦ ਹੋ ਗਏ, ਕਿਉਂਕਿ ਉਨ੍ਹਾਂ ਆਪਣੇ ਤਿੰਨ-ਚਾਰ ਪੂੰਜੀਪਤੀ ਦੋਸਤਾਂ ਲਈ ਰਾਹ ਸਾਫ ਕੀਤਾ ਹੈ।

You May Also Like

Leave a Reply

Your email address will not be published. Required fields are marked *