‘ਪਦਮਾਵਤੀ’ ਨੇ ਲਈ ਦਸਤਕਾਰੀ ਕਾਮੇ ਦੀ ਜਾਨ

ਜੈਪੁਰ: ਰਾਜਸਥਾਨ ਦੀ ਰਾਜਧਾਨੀ ਨੇੜੇ ਨਾਹਰਗੜ੍ਹ ਕਿਲੇ ਦੀ ਚਾਰਦੀਵਾਰੀ ਉਤੇ ਅੱਜ ਇਕ 40 ਸਾਲਾ ਵਿਅਕਤੀ ਦੀ ਲਾਸ਼ ਲਟਕਦੀ ਹੋਈ ਮਿਲੀ। ਲਾਸ਼ ਨੇੜੇ ਪੱਥਰਾਂ ਉਤੇ ਹਿੰਦੀ ਫਿਲਮ ‘ਪਦਮਾਵਤੀ’ ਬਾਰੇ ਸੰਦੇਸ਼ ਉਕਰੇ ਹੋਏ ਸਨ।
ਡੀਸੀਪੀ ਉੱਤਰੀ ਸਤੇਂਦਰ ਸਿੰਘ ਨੇ ਕਿਹਾ ਕਿ ਦਸਤਕਾਰੀ ਕਾਮੇ ਤੇ ਸ਼ਾਸਤਰੀ ਨਗਰ ਵਾਸੀ ਚੇਤਨ ਕੁਮਾਰ ਸੈਣੀ ਦੀ ਲਾਸ਼ ਕਿਲੇ ਦੀ ਚਾਰਦੀਵਾਰੀ ਤੋਂ ਲਟਕਦੀ ਹੋਈ ਮਿਲੀ। ਉਨ੍ਹਾਂ ਕਿਹਾ ਕਿ ਲਾਸ਼ ਨੇੜੇ ਪੱਥਰਾਂ ਉਤੇ ਸੰਦੇਸ਼ ਉੱਕਰੇ ਹੋਏ ਸਨ ਪਰ ਇਸ ਘਟਨਾ ਨੂੰ ਫਿਲਮ ‘ਪਦਮਾਵਤੀ’ ਬਾਰੇ ਪ੍ਰਦਰਸ਼ਨਾਂ ਨਾਲ ਜੋੜਨਾ ਜਲਦਬਾਜ਼ੀ ਹੋਵੇਗੀ। ਇਨ੍ਹਾਂ ਵਿੱਚੋਂ ਇਕ ਸੰਦੇਸ਼ ਵਿੱਚ ਲਿਖਿਆ ਸੀ ਕਿ ‘‘ਪਦਮਾਵਤੀ ਦਾ ਵਿਰੋਧ ਕਰਨੇ ਵਾਲੋ, ਹਮ ਕਿਲੇ ਪਰ ਸਿਰਫ਼ ਪੁਤਲੇ ਨਹੀਂ ਲਟਕਾਤੇ…..ਹਮ ਮੇਂ ਹੈ ਦਮ।’’ ਪੁਲੀਸ ਨੇ ਕਿਹਾ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।
ਰਾਜਪੂਤ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਇਕ ਜਥੇਬੰਦੀ ਨੇ ਕਿਹਾ ਕਿ ਇਹ ਵਿਰੋਧ ਦਾ ਤਰੀਕਾ ਨਹੀਂ ਹੈ। ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਮਹੀਪਾਲ ਸਿੰਘ ਮਕਰਾਨਾ ਨੇ ਕਿਹਾ ਕਿ ਪੱਥਰਾਂ ਉਤੇ ਸੰਦੇਸ਼ ਜਥੇਬੰਦੀ ਨੂੰ ਭੜਕਾਉਣ ਲਈ ਲਿਖੇ ਗਏ ਹਨ। ਲੋਕ  ਸਾਨੂੰ ਧਮਕਾ ਰਹੇ ਹਨ ਪਰ ਇਹ ਜੋ ਕੁਝ ਵੀ ਹੋ ਰਿਹਾ ਹੈ, ਉਹ ਗਲਤ ਹੈ। ਫਿਲਮ ‘ਪਦਮਾਵਤੀ’ ਨੂੰ ਵੱਖ ਵੱਖ ਰਾਜਪੂਤ ਗਰੁੱਪਾਂ ਤੇ ਸਿਆਸੀ ਆਗੂਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਉਤੇ ਇਤਿਹਾਸ ਨੂੰ ਤੋੜਨ-ਮਰੋੜਨ ਦੇ ਦੋਸ਼ ਲਾਏ ਹਨ।
ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਇਸ ਫਿਲਮ ਖ਼ਿਲਾਫ਼ ਦਾਇਰ ਅਰਜ਼ੀ ਰੱਦ ਕਰਦਿਆਂ ਅੱਜ ਕਿਹਾ ਕਿ ਅਜਿਹੀਆਂ ਪਟੀਸ਼ਨਾਂ ਫਿਲਮ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਤਸ਼ਾਹਤ ਕਰ ਰਹੀਆਂ ਹਨ। ਕਾਰਜਕਾਰੀ ਚੀਫ਼ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ ਹਰੀ ਸ਼ੰਕਰ ਦੇ ਬੈਂਚ ਨੇ ਇਸ ਪਟੀਸ਼ਨ ਨੂੰ ‘ਨਿਰਾਸ਼ਾਜਨਕ’ ਅਤੇ ‘ਗਲਤ ਧਾਰਨਾ’ ਦੱਸਿਆ। ਪਟੀਸ਼ਨ ਵਿੱਚ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇਤਿਹਾਸਕ ਤੱਥਾਂ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦੀ ਮੰਗ ਕੀਤੀ ਗਈ।
ਬੈਂਚ ਨੇ ਟਿੱਪਣੀ ਕੀਤੀ ਕਿ ‘‘ਤੁਸੀਂ (ਪਟੀਸ਼ਨਰ ਦੇ ਵਕੀਲ) ਇਹ ਫਿਲਮ ਦੇਖੀ ਹੈ? ਜਿਹੜੇ ਲੋਕ ਸਿਨੇਮਾਘਰ ਫੂਕ ਰਹੇ ਹਨ, ਉਨ੍ਹਾਂ ਇਹ ਫਿਲਮ ਦੇਖੀ ਹੈ? ਇਸ ਤਰ੍ਹਾਂ ਦੀਆਂ ਪਟੀਸ਼ਨਾਂ ਨਾਲ ਤੁਸੀਂ ਵਿਰੋਧ ਕਰਨ ਵਾਲਿਆਂ ਨੂੰ ਉਤਸ਼ਾਹਤ ਕਰ ਰਹੇ ਹੋ।’’ ਅਦਾਲਤ ਨੇ ਪਟੀਸ਼ਨਰ ਅਖੰਡ ਰਾਸ਼ਟਰਵਾਦੀ ਪਾਰਟੀ ਨੂੰ ਸੈਂਸਰ ਬੋਰਡ ਕੋਲ ਪਹੁੰਚ ਕਰਨ ਦਾ ਆਦੇਸ਼ ਦਿੱਤਾ। ਉਂਜ ਬੈਂਚ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐਫਸੀ) ਕੋਲ ਪਿਆ ਹੈ। ਸੁਪਰੀਮ ਕੋਰਟ ਵੀ ਇਸ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਚੁੱਕੀ ਹੈ।
ਹਾਈ ਕੋਰਟ ਨੇ ਕਿਹਾ ਕਿ ਕਾਨੂੰਨੀ ਸੰਸਥਾ ਸੀਬੀਐਫਸੀ ਇਸ ਮਾਮਲੇ ਦੀ ਘੋਖ ਕਰ ਰਹੀ ਹੈ। ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਇਸ ਜਨ ਹਿੱਤ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਸੀਬੀਐਫਸੀ ਨੂੰ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਇਕ ਕਮੇਟੀ ਕਾਇਮ ਕਰਨ ਦਾ ਆਦੇਸ਼ ਦਿੱਤਾ ਜਾਵੇ, ਜਿਸ ਵਿੱਚ ਸੈਂਸਰ ਬੋਰਡ ਦੇ ਮੈਂਬਰਾਂ, ਇਕ ਸਮਾਜ ਸੇਵੀ ਅਤੇ ਕਿਸੇ ਵੀ ਯੂਨੀਵਰਸਿਟੀ ਦੇ ਤਿੰਨ ਇਤਿਹਾਸਕ ਮਾਹਿਰਾਂ ਨੂੰ ਲਿਆ ਜਾਵੇ। ਵਕੀਲ ਆਰ.ਐਨ. ਸਿੰਘ ਅਤੇ ਪੁਨੀਸ਼ ਗਰੋਵਰ ਰਾਹੀਂ ਦਾਖ਼ਲ ਇਸ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਫਿਲਮ ਨਾਲ ਰਾਣੀ ਪਦਮਾਵਤੀ ਦਾ ਸਤਿਕਾਰ ਘਟਣ ਦਾ ਖ਼ਦਸ਼ਾ ਹੈ, ਜਿਨ੍ਹਾਂ ਆਪਣੇ ਤੇ ਚਿਤੌੜਗੜ੍ਹ ਦੀ ਮਾਣ-ਮਰਿਆਦਾ ਲਈ ਆਤਮਦਾਹ ਕਰ ਲਿਆ ਸੀ।

You May Also Like

Leave a Reply

Your email address will not be published. Required fields are marked *