ਪਾਕਿਸਤਾਨ ਦੇ ਰਿਹੈ ਗੁਜਰਾਤ ਚੋਣਾਂ ਵਿੱਚ ਦਖ਼ਲ: ਮੋਦੀ

ਪਾਲਣਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਪਾਕਿਸਤਾਨ ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਦਖ਼ਲ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਕਾਂਗਰਸ ਤੋਂ ਉਸ ਦੇ ਸੀਨੀਅਰ ਆਗੂਆਂ ਵੱਲੋਂ ਹਾਲ ਹੀ ਵਿੱਚ ਗੁਆਂਢੀ ਮੁਲਕ ਦੇ ਨੇਤਾਵਾਂ ਨਾਲ ਮੁਲਾਕਾਤ ਬਾਰੇ ਸਪੱਸ਼ਟੀਕਰਨ ਮੰਗਿਆ। ਇਥੇ ਚੋਣ ਰੈਲੀ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਫ਼ੌਜ ਦੇ ਸਾਬਕਾ ਡਾਇਰੈਕਟਰ ਜਨਰਲ ਸਰਦਾਰ ਅਰਸ਼ਦ ਰਫੀਕ ਦੀ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਉਣ ਬਾਰੇ ਅਪੀਲ ’ਤੇ ਵੀ ਸਵਾਲ ਉਠਾਏ।
ਸ੍ਰੀ ਮੋਦੀ ਨੇ ਕਿਹਾ ਕਿ ਪਾਕਿ ਨੇਤਾਵਾਂ ਦੀ ਸੀਨੀਅਰ ਕਾਂਗਰਸੀ ਆਗੂਆਂ ਨਾਲ ਕਥਿਤ ਮੀਟਿੰਗ ਦੇ ਇਕ ਦਿਨ ਬਾਅਦ ਮਣੀ ਸ਼ੰਕਰ ਅਈਅਰ ਨੇ ਉਨ੍ਹਾਂ (ਮੋਦੀ) ਨੂੰ ‘ਨੀਚ’ ਦੱਸਿਆ ਸੀ। ਉਨ੍ਹਾਂ ਕਿਹਾ, ‘ਮਣੀ ਸ਼ੰਕਰ ਅਈਅਰ ਦੇ ਘਰ ਹੋਈ ਮੀਟਿੰਗ ਬਾਰੇ ਕੱਲ੍ਹ ਮੀਡੀਆ ਰਿਪੋਰਟਾਂ ਆਈਆਂ ਹਨ। ਇਸ ਬੈਠਕ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ, ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ, ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸ਼ਾਮਲ ਸਨ। ਇਹ ਮੀਟਿੰਗ ਤਕਰੀਬਨ ਤਿੰਨ ਘੰਟੇ ਚੱਲੀ। ਇਸ ਤੋਂ ਅਗਲੇ ਦਿਨ ਮਣੀ ਸ਼ੰਕਰ ਅਈਅਰ ਕਹਿੰਦਾ ਮੋਦੀ ‘ਨੀਚ’ ਹੈ। ਇਹ ਗੰਭੀਰ ਮਸਲਾ ਹੈ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਫੀਕ ਨੇ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ, ‘ਇਕ ਪਾਸੇ ਪਾਕਿ ਫ਼ੌਜ ਦੇ ਸਾਬਕਾ ਡੀਜੀ ਗੁਜਰਾਤ ਚੋਣਾਂ ਵਿੱਚ ਦਖ਼ਲ ਦੇ ਰਹੇ ਹਨ ਅਤੇ ਦੂਜੇ ਪਾਸੇ ਪਾਕਿਸਤਾਨੀ ਲੋਕ ਮਣੀ ਸ਼ੰਕਰ ਅਈਅਰ ਦੇ ਘਰ ਬੈਠਕ ਕਰ ਰਹੇ ਹਨ।    -ਪੀਟੀਆਈ

You May Also Like

Leave a Reply

Your email address will not be published. Required fields are marked *